ਦਿਲਬਾਗ ਸਿੰਘ ਗਿੱਲ
ਅਟਾਰੀ, 11 ਨਵੰਬਰ
ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਸਮੁੱਚੇ ਪੰਜਾਬ ਦੀ ਸਰਹੱਦੀ ਪੱਟੀ ’ਤੇ ਤਾਇਨਾਤ ਡੀਆਈਜੀ ਦਫ਼ਤਰਾਂ ਦੇ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ ਅੱਜ ਅੰਮ੍ਰਿਤਸਰ-ਅਟਾਰੀ ਮਾਰਗ ’ਤੇ ਡੀਆਈਜੀ ਦਫ਼ਤਰ ਖਾਸਾ ਦੇ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਬਾਬਾ ਅਰਜਨ ਸਿੰਘ ਸਰਪੰਚ ਹੁਸ਼ਿਆਰ ਨਗਰ, ਨਿਰਮਲ ਸਿੰਘ ਮੋਦੇ, ਮੇਜਰ ਸਿੰਘ ਖਾਲੜਾ, ਸਤਨਾਮ ਸਿੰਘ ਚੱਕ ਔਲ ਤੇ ਮਾਨ ਸਿੰਘ ਮੁਹਾਵਾ ਨੇ ਕੀਤੀ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ 50 ਕਿਲੋਮੀਟਰ ਤੱਕ ਦਾ ਇਲਾਕਾ ਬੀਐੱਸਐੱਫ ਦੇ ਹਵਾਲੇ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਬੀਐੱਸਐੱਫ ਹੱਥੋਂ ਕਿਸਾਨਾਂ ਦੀ ਹੋ ਰਹੀ ਖੁਆਰੀ ਬੰਦ ਕੀਤੀ ਜਾਵੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੀ ਪਿਛਲੇ ਪੰਜ ਸਾਲਾਂ ਤੋਂ ਪ੍ਰਤੀ ਏਕੜ 10 ਹਜ਼ਾਰ ਰੁਪਏ ਰੁਕੀ ਹੋਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।
ਇਸ ਮੌਕੇ ਕਾਮਰੇਡ ਅਰਸਾਲ ਸਿੰਘ ਆਸਲ ਤੇ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਲੋਕਾਂ ਵਿੱਚ ਆਨੇ-ਬਹਾਨੇ ਦਹਿਸ਼ਤ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਮੁਖਤਾਰ ਸਿੰਘ ਮੁਹਾਵਾ, ਸੀਤਲ ਸਿੰਘ ਤਲਵੰਡੀ, ਵਿਰਸਾ ਸਿੰਘ ਟਪਿਆਲਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਦਾ ਦਾ ਖਾਤਮਾਂ ਅਤੇ ਐੱਮਐੱਸਪੀ ਗਾਰੰਟੀ ਤੋਂ ਬਿਨਾਂ ਕਿਸਾਨ ਮੋਰਚਾ ਕਦੇ ਵਾਪਸ ਨਹੀਂ ਲੈਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਫ਼ਸਲਾਂ ਦੀ ਬਿਜਾਈ ਤੇ ਕਟਾਈ ਕਰਨ ਜਾਣ ਸਮੇਂ ਕਿਸਾਨਾਂ ਦੀ ਤਲਾਸ਼ੀ ਲੈਣ ਸਮੇਂ ਰੋਟੀਆਂ ’ਚ ਜਵਾਨਾਂ ਵੱਲੋਂ ਉਂਗਲਾਂ ਮਾਰੀਆਂ ਜਾਂਦੀਆਂ ਹਨ, ਜਿਸ ਕਰਕੇ ਕਿਸਾਨ ਭੁੱਖ ਲੱਗੀ ਹੋਣ ਦੇ ਬਾਵਜੂਦ ਉਹ ਰੋਟੀਆਂ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ’ਤੇ ਲੱਗੀਆਂ 3000 ਵਾਟ ਦੀਆਂ ਐੱਲਈਡੀ ਲਾਈਟਾਂ ਨੇੜੇ ਫ਼ਸਲਾਂ ਨਹੀਂ ਹੁੰਦੀਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਜਾਣ ਸਮੇਂ ਪਹਿਲਾਂ ਤਾਂ ਬੀਐੱਸਐੱਫ ਵੱਲੋਂ ਸਮੇਂ ਸਿਰ ਗੇਟ ਨਹੀਂ ਖੋਲ੍ਹੇ ਜਾਂਦੇ। ਜੇਕਰ ਖੋਲ੍ਹੇ ਜਾਂਦੇ ਹਨ ਤਾਂ ਤਲਾਸ਼ੀ ਲੈਂਦੇ ਸਮੇਂ ਬਹੁਤ ਵਕਤ ਲਗਾ ਦਿੱਤਾ ਜਾਂਦਾ ਹੈ। ਇਸ ਨਾਲ ਮਜ਼ਦੂਰਾਂ ਦੀ ਦਿਹਾੜੀ ਵੀ ਪੂਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਤਾਰ ਤੋਂ ਪਾਰ ਜਾਂਦੇ ਸਮੇਂ ਬੀਐੱਸਐੱਫ ਦਾ ਸੁਰੱਖਿਆ ਗਾਰਡ ਕਿਸਾਨਾਂ ਦੇ ਨਾਲ ਜਾਂਦਾ ਹੈ ਪਰ ਗੇਟ ਤੇ ਵਾਪਸੀ ਸਮੇਂ ਮੁੜ ਤਲਾਸ਼ੀ ਲੈ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅੱਜ ਦੇ ਧਰਨੇ ਨੂੰ ਬਲਦੇਵ ਸਿੰਘ ਧਾਰੀਵਾਲ, ਪੂਰਨ ਸਿੰਘ ਧਨੋਆਂ, ਗੁਰਨਾਮ ਸਿੰਘ ਦਾਉਕੇ, ਹਰਪ੍ਰੀਤ ਸਿੰਘ ਰਾਜਾਤਾਲ, ਬਲਕਾਰ ਸਿੰਘ ਗੁੱਲਗੜ੍ਹ, ਬੀਰ ਸਿੰਘ ਕੱਕੜ ਨੇ ਸੰਬੋਧਨ ਕੀਤਾ। ਇਸ ਮੌਕੇ ਸਮੂਹਿਕ ਆਗੂਆਂ ਨੇ 28 ਨਵੰਬਰ ਨੂੰ ਦਾਣਾ ਮੰਡੀ, ਲੁਧਿਆਣਾ ਵਿਖੇ ‘ਪੰਜਾਬ ਬਚਾਓ’ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਧਰਨੇ ਦੀ ਸਮਾਪਤੀ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਬੀਐਸਐਫ ਦੇ ਸਹਾਇਕ ਕਮਾਂਡੈਂਟ ਕਰਮਪਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।