ਪੱਤਰ ਪ੍ਰੇਰਕ
ਅਟਾਰੀ, 3 ਮਾਰਚ
ਸਰਹੱਦੀ ਕਸਬਾ ਅਟਾਰੀ ਸਥਿਤ ਮੁੱਢਲਾ ਸਿਹਤ ਕੇਂਦਰ ਵਿੱਚ ਡਾਕਟਰ ਦੀ ਤਾਇਨਾਤੀ ਹੋ ਗਈ ਹੈ। ਇਹ ਕੇਂਦਰ ਪਿਛਲੇ ਕਾਫੀ ਸਮੇਂ ਤੋਂ ਬਿਨਾਂ ਡਾਕਟਰ ਤੋਂ ਹੀ ਚਲ ਰਿਹਾ ਸੀ। ਅਟਾਰੀ ਸਮੇਤ ਨਾਲ ਲੱਗਦੇ ਲਗਪੱਗ 35 ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈਂਦਾ ਸੀ। ਐਡਵੋਕੇਟ ਹਰਜਿੰਦਰ ਸਿੰਘ ਵੱਲੋਂ ਚਾਰ ਸਾਲ ਦਾ ਲੰਮਾ ਸਮਾਂ ਕਾਨੂੰਨੀ ਲੜਾਈ ਲੜਨ ’ਤੇ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਗੁਰਿੰਦਰਬੀਰ ਸਿੰਘ ਨੇ ਅਟਾਰੀ ਦੇ ਮੁੱਢਲਾ ਸਿਹਤ ਕੇਂਦਰ ਵਿੱਚ ਡਾ. ਤਨਵੀਰ ਕੌਰ ਦੀ ਪੱਕੀ ਤਾਇਨਾਤੀ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਹਸਪਤਾਲ ਵਿੱਚ ਉਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਦੀ ਮਰੀਜ਼ਾਂ ਨੂੰ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਹਸਪਤਾਲ ਵਿੱਚ ਇੱਕ ਹੋਰ ਡਾਕਟਰ ਤੇ ਪੰਜ ਨਰਸਾਂ ਸਮੇਤ ਹੋਰ ਵੀ ਸਟਾਫ਼ ਦੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਇਸ ਹਸਪਤਾਲ ਸਬੰਧੀ ਕੋਈ ਵੀ ਜ਼ਰੂਰਤ ਮਹਿਸੂਸ ਹੁੁੰਦੀ ਹੈ ਤਾਂ ਉਸੇ ਵੇਲੇ ਐੱਸਐੱਮਓ ਲੋਪੋਕੇ ਨਾਲ ਸੰਪਰਕ ਕੀਤਾ ਜਾਵੇ ਜੇ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਫੋਨ 24 ਘੰਟੇ ਚਾਲੂ ਹੈ, ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ. ਤਨਵੀਰ ਕੌਰ ਨੇ ਕਿਹਾ ਕਿ ਜਣੇਪੇ ਸਮੇਤ ਛੋਟੇ-ਮੋਟੇ ਇਲਾਜ ਲਈ ਮਹਿੰਗੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ। ਅਟਾਰੀ ਦੇ ਇਸ ਹਸਪਤਾਲ ਵਿੱਚ ਹੀ ਇਲਾਜ ਕੀਤੇ ਜਾਣਗੇ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਰਟੀਆਈ ਪਾ ਕੇ ਅਟਾਰੀ ਦੇ ਹਸਪਤਾਲ ਬਾਰੇ ਜਾਣਕਾਰੀ ਇਕੱਤਰ ਕੀਤੀ ਸੀ, ਜਿਸ ਮਗਰੋਂ ਆਰਟੀਆਈ ਨੂੰ ਅਧਾਰ ਬਣਾ ਕੇ ਸਾਲ 2019 ਵਿੱਚ ਪਬਲਿਕ ਇੰਨਟਰਸਟ ਲਿਟੀਗੇਸ਼ਨ ਦੇ ਰਾਹੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ’ਤੇ ਅੱਜ ਚਾਰ ਸਾਲ ਬਾਅਦ ਹਸਪਤਾਲ ਵਿੱਚ ਡਾ. ਤਨਵੀਰ ਕੌਰ ਦੀ ਪੱਕੀ ਤਾਇਨਾਤੀ ਹੋਈ ਹੈ।