ਦਿਲਬਾਗ ਸਿੰਘ ਗਿੱਲ
ਅਟਾਰੀ, 25 ਜੂਨ
ਫੇਸਬੁੱਕ ਰਾਹੀਂ ਪਾਕਿਸਤਾਨੀ ਮੁਸਲਿਮ ਨੌਜਵਾਨ ਦੇ ਸੰਪਰਕ ਵਿੱਚ ਆਈ ਭਾਰਤੀ ਮੂਲ ਦੀ ਮੁਸਲਿਮ ਲੜਕੀ ਨੂੰ ਅਟਾਰੀ ਸਰਹੱਦ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰਕੇ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਮੁਸਲਿਮ ਲੜਕੀ ਫ਼ਿਜ਼ਾ ਖਾਂ ਪੁੱਤਰੀ ਅਸਲਮ ਖਾਂ ਵਾਸੀ ਹਜੂਰ ਰੇਵਾ (ਮੱਧ ਪ੍ਰਦੇਸ਼) ਦੀ ਰਹਿਣ ਵਾਲੀ ਹੈ ਜੋ ਫੇਸਬੁੱਕ ਨੈੱਟਵਰਕ ਰਾਹੀਂ ਕਰਾਚੀ, ਪਾਕਿਸਤਾਨ ਦੇ ਇੱਕ ਮੁਸਲਿਮ ਨੌਜਵਾਨ ਦੇ ਸੰਪਰਕ ਵਿੱਚ ਆਈ ਤੇ ਇਸ ਲੜਕੀ ਦੀ ਪਾਕਿਸਤਾਨ ਦੇ ਲੜਕੇ ਨਾਲ ਦੋਸਤੀ ਹੋ ਗਈ। ਦੋਸਤੀ ਏਨੀ ਗੂੜ੍ਹੀ ਹੋ ਗਈ ਕਿ ਹੁਣ ਲੜਕੀ ਵਿਆਹ ਕਰਵਾਉਣ ਲਈ ਪਾਕਿਸਤਾਨ ਜਾਣ ਲਈ ਪਾਸਪੋਰਟ ਤੇ ਵੀਜ਼ਾ ਲੈ ਕੇ ਅਟਾਰੀ ਸਰਹੱਦ ’ਤੇ ਪੁੱਜ ਗਈ।
ਭਾਰਤੀ ਮੁਸਲਿਮ ਲੜਕੀ ਫ਼ਿਜ਼ਾ ਖ਼ਾਂ ਘਰ ਤੋਂ ਗਾਇਬ ਸੀ ਜਿਸ ਦੀ ਇਤਲਾਹ ਉਸ ਦੇ ਪਰਿਵਾਰ ਵੱਲੋਂ ਮੱਧ ਪ੍ਰਦੇਸ਼ ਦੀ ਪੁਲੀਸ ਨੂੰ ਦਿੱਤੀ ਗਈ। ਮੱਧ ਪ੍ਰਦੇਸ਼ ਦੀ ਪੁਲੀਸ ਨੇ ਕਾਰਵਾਈ ਕਰਦਿਆਂ ਲੜਕੀ ਦੀ ਫੋਟੋ ਵਾਲਾ ਚੌਕਸੀ ਨੋਟ ਪੂਰੇ ਦੇਸ਼ ਵਿੱਚ ਜਾਰੀ ਕਰ ਦਿੱਤਾ। ਅੱਜ ਇਹ ਲੜਕੀ ਪਾਸਪੋਰਟ ਤੇ ਵੀਜ਼ਾ ਰਾਹੀਂ ਪਾਕਿਸਤਾਨ ਜਾ ਰਹੀ ਸੀ ਕਿ ਅਟਾਰੀ ਸਰਹੱਦ ’ਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਉਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਫ਼ਿਜ਼ਾ ਖ਼ਾਨ ਨੂੰ ਐੱਸਡੀਐੱਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।