ਪੱਤਰ ਪ੍ਰੇਰਕ
ਪਠਾਨਕੋਟ, 7 ਦਸੰਬਰ
ਖੇਤਾਂ ਵਿੱਚੋਂ ਪਾਣੀ ਦੂਸਰੇ ਖੇਤ ਵਿੱਚ ਚਲੇ ਜਾਣ ਤੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਭਤੀਜੇ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਦਕਿ ਜ਼ਖਮੀ ਪੁੱਤਰ ਨੂੰ ਛੁਡਾਉਣ ਲਈ ਪੁੱਜੇ ਉਸ ਦੇ ਪਿਤਾ ਨੂੰ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਨਜ਼ਦੀਕ ਪੈਂਦੇ ਪਿੰਡ ਭੀਮਪੁਰ ਵਿੱਚ ਵਾਪਰੀ। ਦੋਵਾਂ ਜ਼ਖਮੀ ਪਿਤਾ-ਪੁੱਤਰ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਵੰਤ ਸਿੰਘ ਆਪਣੇ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ ਜਿਸ ਦੌਰਾਨ ਪਾਣੀ ਵੱਟ ਟੁੱਟ ਕੇ ਉਸ ਦੇ ਭਰਾ ਦੇ ਖੇਤਾਂ ਵਿੱਚ ਚਲਾ ਗਿਆ। ਉਸ ਨੇ ਦੋਸ਼ ਲਾਇਆ ਕਿ ਇਸ ਗੱਲ ਤੋਂ ਖਫਾ ਹੋ ਕੇ ਉਸ ਦੇ ਭਰਾ ਨੇ ਉਸ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ ਜਿਸ ਨੂੰ ਬਚਾਉਣ ਲਈ ਜਾਣ ’ਤੇ ਉਸ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਕੁਝ ਮਹੀਨੇ ਪਹਿਲਾਂ ਵੀ ਉਸ ਦੇ ਭਰਾ ਨੇ ਜ਼ਮੀਨੀ ਵਿਵਾਦ ਕਾਰਨ ਉਸ ’ਤੇ ਹਮਲਾ ਕਰ ਦਿੱਤਾ ਸੀ ਤੇ ਇਸ ਵਾਰ ਫਿਰ ਰੰਜਿਸ਼ ਕਾਰਨ ਉਸ ਦੇ ਪੁੱਤਰ ਅਤੇ ਉਸ ਉਪਰ ਹਮਲਾ ਕੀਤਾ ਗਿਆ ਹੈ। ਮਾਮਲਾ ਪੁਲੀਸ ਕੋਲ ਪੁੱਜ ਗਿਆ ਹੈ ਅਤੇ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।