ਪੱਤਰ ਪ੍ਰੇਰਕ
ਪਠਾਨਕੋਟ, 28 ਜੂਨ
ਸੁਜਾਨਪੁਰ ਥਾਣੇ ਦੇ ਪਿੰਡ ਜਖਵੜ ਜੋਗੀਆਂ ਵਿੱਚ ਇੱਕ ਆਸ਼ਰਮ ਦੇ ਮਹੰਤ ’ਤੇ ਕੁੱਝ ਲੋਕਾਂ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਹਮਲਾ ਕਰਕੇ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਆਸ਼ਰਮ ਦੇ ਮਹੰਤ ਜੋਗੀ ਸੰਦੀਪ ਨਾਥ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਆਸ਼ਰਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਡੇਰੇ ਵਿੱਚ ਆ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ। ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਸੁਜਾਨਪੁਰ ਥਾਣੇ ਪੁੱਜ ਕੇ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਏਐਸਆਈ ਅੱਤਰ ਸਿੰਘ ਨੇ ਦੱਸਿਆ ਕਿ ਜਾਂਚ ’ਚ ਤੱਥ ਸਾਹਮਣੇ ਆਉਣਗੇ। ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।