ਪੱਤਰ ਪ੍ਰੇਰਕ
ਦੀਨਾਨਗਰ, 16 ਜਨਵਰੀ
ਦੀਨਾਨਗਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਅੱਜ ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਪਿੰਡ ਬਾਲਾਪਿੰਡੀ ਤੋਂ ਕੀਤਾ ਅਤੇ ਫਿਰ ਦਬੁਰਜੀ, ਮਰਾੜਾ, ਆਬਾਦੀ ਚੰਡੀਗੜ੍ਹ, ਮਕੌੜਾ, ਝਬਕਰਾ, ਨਾਭਾ ਦਾਸ ਕਲੋਨੀ, ਐੱਸਸੀ ਬਸਤੀ ਟਾਂਡਾ ਤੇ ਜੱਗੋਚੱਕ ਟਾਂਡਾ ਪਿੰਡਾਂ ’ਚ ਮੀਟਿੰਗਾਂ ਕਰਕੇ ਲੋਕਾਂ ਕੋਲੋਂ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਵੀ ਮੌਜੂਦ ਸਨ। ਇਨ੍ਹਾਂ ਮੀਟਿੰਗਾਂ ’ਚ ਅਰੁਣਾ ਚੌਧਰੀ ਨੇ ਕਿਹਾ ਕਿ ਭਾਰੀ ਠੰਢ ਦੇ ਬਾਵਜੂਦ ਵੱਡੀ ਤਾਦਾਦ ’ਚ ਲੋਕਾਂ ਦਾ ਆਉਣਾ ਇਹ ਸਾਬਤ ਕਰਦਾ ਹੈ ਕਿ ਲੋਕ ਉਨ੍ਹਾਂ ਦੁਆਰਾ ਪਿਛਲੇ ਪੰਜ ਸਾਲਾਂ ’ਚ ਕਰਵਾਏ ਵਿਕਾਸ ਕੰਮਾਂ ਤੋਂ ਖੁਸ਼ ਹਨ ਅਤੇ ਮੁੜ ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ।
ਅਰੁਣਾ ਚੌਧਰੀ ਨੇ ਕਿਹਾ ਕਿ ਵਿਰੋਧੀ ਸਿਰਫ਼ ਗੱਲਾਂ ਕਰਦੇ ਹਨ ਜਦਕਿ ਉਹ ਕੰਮ ਕਰਨ ’ਚ ਯਕੀਨ ਰੱਖਦੇ ਹਨ। ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੁਆਰਾ ਪਿਛਲੇ ਪੰਜ ਸਾਲਾਂ ’ਚ ਹਲਕੇ ਅੰਦਰ ਕਰਵਾਏ ਵਿਕਾਸ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਦਾਅਵਾ ਕੀਤਾ ਕਿ ਐਨਾ ਕੰਮ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਟੋਪੀਆਂ ਵਾਲੀ ਪਾਰਟੀ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਬਖਸ਼ੀਸ਼ ਮਕੌੜਾ, ਸਰਪੰਚ ਅਜੇ ਪਾਲ, ਦੀਪ ਬਹਿਰਾਮਪੁਰ, ਪੰਜਾਬ ਪ੍ਰਧਾਨ ਵਿਜੈ ਚਾਂਡਲ, ਮੁਕੇਸ਼ ਕੌਂਟਾ, ਸੁਰੇਸ਼ ਕੁਮਾਰ ਬਾਲਾਪਿੰਡੀ, ਸਰਪੰਚ ਬੱਬਲੂ ਝਬਕਰਾ ਅਤੇ ਟੋਨੀ ਝਬਕਰਾ ਮੁੱਖ ਰੂਪ ’ਚ ਹਾਜ਼ਰ ਸਨ।
ਹਲਕਾ ਵਾਸੀ ਵਿਕਾਸ ਦਾ ਮੁੱਲ ਜਿਤਾ ਕੇ ਮੋੜਨਗੇ: ਲਾਡੀ ਸ਼ੇਰੋਵਾਲੀਆ
ਸ਼ਾਹਕੋਟ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਹਲਕੇ ਵਿਚ ਤੀਜੀ ਵਾਰ ਟਿਕਟ ਦੇ ਕੇ ਉਨ੍ਹਾਂ ਉੱਪਰ ਜੋ ਭਰੋਸਾ ਪ੍ਰਗਟ ਕੀਤਾ ਹੈ ਉਹ ਜਿੱਤ ਦਰਜ ਕਰ ਕੇ ਉਸ ਨੂੰ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ 21 ਸਾਲ ਹਲਕੇ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਹਲਕੇ ਨੂੰ ਬੁਰੀ ਤਰਾਂ ਪਛਾੜ ਦਿੱਤਾ ਸੀ ਪਰ ਉਨ੍ਹਾਂ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਵਿਚ ਹੀ ਵਿਕਾਸ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਜਿਸ ਦਾ ਮੁੱਲ ਹਲਕਾ ਵਾਸੀ ਉਨ੍ਹਾਂ ਨੂੰ ਦੂਜੀ ਵਾਰ ਜਿਤਾ ਕੇ ਮੋੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਦੀਆਂ ਕੋਲ ਵੋਟਾਂ ਮੰਗਣ ਦਾ ਕੋਈ ਮੁੱਦਾ ਹੀ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ।