ਸਰਬਜੀਤ ਸਾਗਰ
ਦੀਨਾਨਗਰ, 17 ਜੁਲਾਈ
ਪਿੰਡ ਹਵੇਲੀ ਤੋਂ ਅੱਪਗ੍ਰੇਡ ਹੋ ਕੇ ਦੁਆਬਾ ਦੀ ਪੰਚਾਇਤੀ ਜ਼ਮੀਨ ’ਚ ਸ਼ਿਫ਼ਟ ਹੋਏ ਸਰਕਾਰੀ ਹਾਈ ਸਕੂਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਕੀਤਾ ਗਿਆ। ਇਸ ਇਮਾਰਤ ਦੀ ਉਸਾਰੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ 70 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਇਸ ਮੌਕੇ ਅਰੁਣਾ ਚੌਧਰੀ ਨੇ ਕਿਹਾ ਕਿ ਨਵੀਂ ਬਿਲਡਿੰਗ ਬਣਨ ਨਾਲ ਬੱਚੇ ਵਧੀਆ ਜਗ੍ਹਾ ’ਤੇ ਆਰਾਮ ਨਾਲ ਬੈਠ ਕੇ ਪੜ੍ਹਾਈ ਕਰ ਸਕਣਗੇ ਅਤੇ ਇਸਦਾ ਆਸ-ਪਾਸ ਦੇ ਕਈਆਂ ਪਿੰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਕੂਲ ਪਿੰਡ ਹਵੇਲੀ ’ਚ ਸੀ, ਜਿਸਨੂੰ ਪ੍ਰਾਇਮਰੀ ਤੋਂ ਮਿਡਲ ਅਤੇ ਫਿਰ ਹਾਈ ਸਕੂਲ ਵਜੋਂ ਅੱਪਗ੍ਰੇਡ ਕੀਤਾ ਗਿਆ ਅਤੇ ਇਸਦੀ ਨਵੀਂ ਇਮਾਰਤ ਲਈ ਪੰਚਾਇਤੀ ਵਿਭਾਗ ਵੱਲੋਂ ਗਰਾਂਟ ਜਾਰੀ ਕੀਤੀ ਗਈ ਪਰ ਉੱਥੇ ਨਵੀਂ ਇਮਾਰਤ ਲਈ ਢੁੱਕਵੀਂ ਜਗ੍ਹਾ ਨਾ ਹੋਣ ਕਾਰਨ ਨੇੜਲੇ ਪਿੰਡ ਦੋਆਬਾ ਦੀ ਪੰਚਾਇਤ ਨੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਦੇਖਦਿਆਂ ਇਮਾਰਤ ਬਣਾਉਣ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਹੋਰਨਾਂ ਮੋਹਤਬਰਾਂ ਨੇ ਕਿਹਾ ਕਿ ਉਹ ਮੰਤਰੀ ਸਾਹਿਬਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਦੇ ਧੰਨਵਾਦੀ ਹਨ। ਇਸ ਤੋਂ ਪਹਿਲਾਂ ਸਕੂਲ ਦੀ ਹੈੱਡ ਮਿਸਟ੍ਰੈਸ ਅੰਜੂ ਬਾਲਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਮੁੱਖ ਮਹਿਮਾਨ ਅਰੁਣਾ ਚੌਧਰੀ ਦਾ ਭਰਵਾਂ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੀਟੂ ਚੌਹਾਨ, ਬਲਾਕ ਸਮਿਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਯੂਥ ਕਾਂਗਰਸ ਹਲਕਾ ਪ੍ਰਧਾਨ ਰੰਮੀ ਠਾਕੁਰ, ਸਰਪੰਚ ਰਜਨੀ ਦੇਵੀ, ਅਵਿਨਾਸ਼ ਸੱਮੂਚੱਕ, ਕੁਲਦੀਪ ਦੋਆਬਾ, ਭੋਲੂ ਸਵੀਟ ਸ਼ਾਪ, ਡੋਲੀ ਠਾਕੁਰ ਆਦਿ ਹਾਜ਼ਰ ਸਨ।