ਸਰਬਜੀਤ ਸਾਗਰ
ਦੀਨਾਨਗਰ, 8 ਨਵੰਬਰ
ਪੰਜਾਬ ਦੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਪਿੰਡ ਉਦੀਪੁਰ, ਬਾਲਾਪਿੰਡੀ, ਗੁਰੂ ਨਾਭਾ ਦਾਸ ਕਾਲੋਨੀ (ਝਬਕਰਾ), ਗੰਜੀ, ਗਾਹਲੜੀ, ਚੱਕਰਾਜਾ, ਭੋਲਾ ਅਤੇ ਤਾਰੂਵਾਲ ਵਿੱਚ ਪਹੁੰਚ ਕੇ ਇਨ੍ਹਾਂ ਪਿੰਡਾਂ ’ਚ ਨਵੇਂ ਜੰਝਘਰ, ਧਰਮਸ਼ਾਲਾ, ਸਮਸ਼ਾਨਘਾਟ ਅਤੇ ਨਲਕੇ ਲਗਾਉਣ ਲਈ ਕੁੱਲ 31 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਪੰਚਾਇਤਾਂ ਨੂੰ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸ ਆਗੂ ਅਸ਼ੋਕ ਚੌਧਰੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਮੰਜ ਵੀ ਮੌਜੂਦ ਸਨ। ਅਰੁਣਾ ਚੌਧਰੀ ਵੱਲੋਂ ਪਹਿਲਾ ਪ੍ਰੋਗਰਾਮ ਪਿੰਡ ਉਦੀਪੁਰ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਜੰਝਘਰ ਦੇ ਨਵੀਨੀਕਰਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪੰਚਾਇਤ ਨੂੰ ਦਿੱਤਾ। ਬਾਅਦ ਵਿੱਚ ਬਾਲਾਪਿੰਡੀ ਵਿੱਚ ਧਰਮਸ਼ਾਲਾ ਲਈ ਪੰਜ ਲੱਖ, ਗੁਰੂ ਨਾਭਾ ਦਾਸ ਕਾਲੋਨੀ (ਝਬਕਰਾ) ਵਿੱਚ ਕ੍ਰਿਸ਼ਚਨ ਧਰਮਸ਼ਾਲਾ ਲਈ ਪੰਜ ਲੱਖ, ਪਿੰਡ ਗੰਜੀ ’ਚ ਧਰਮਸ਼ਾਲਾ ਦੀ ਮੁਰੰਮਤ ਅਤੇ ਨਲਕਾ ਲਗਾਉਣ ਲਈ ਤਿੰਨ ਲੱਖ, ਗਾਹਲੜੀ ਵਿੱਚ ਸਮਸ਼ਾਨਘਾਟ ਦੀ ਰਿਪੇਅਰ ਲਈ ਦੋ ਲੱਖ, ਚੱਕਰਾਜਾ ਵਿੱਚ ਪੁਲੀ ਦੇ ਨਿਰਮਾਣ ਲਈ ਇੱਕ ਲੱਖ, ਭੋਲਾ ਪਿੰਡ ’ਚ ਧਰਮਸ਼ਾਲਾ ਬਣਾਉਣ ਲਈ ਪੰਜ ਲੱਖ ਅਤੇ ਤਾਰੂਵਾਲ ’ਚ ਸ਼ਮਸ਼ਾਨਘਾਟ ਦੀ ਰਿਪੇਅਰ ਤੇ ਚਾਰਦੀਵਾਰੀ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਰਹੇ ਹਨ ਤਾਂ ਜੋ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਤੇ ਐਲਾਨਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕੇ।
ਮਹਿੰਦਰ ਸਿੰਘ ਕੇਪੀ ਵੱਲੋਂ 97.52 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਨੇ ਅਲਾਵਲਪੁਰ ਵਿੱਚ ਅੱਜ 97.52 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਤੋਂ ਪੰਜਾਬ ਦੇ ਹਰ ਵਰਗ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਅਲਾਵਲਪੁਰ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਕੌਂਸਲਰ ਮੁਕੱਦਰ ਲਾਲ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਤੇ ਸਵਤੰਤਰ ਜੁਲਕਾ ਨੇ ਪੰਜਾਬ ਸਰਕਾਰ ਅਤੇ ਮਹਿੰਦਰ ਸਿੰਘ ਕੇਪੀ ਦਾ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।