ਪੱਤਰ ਪ੍ਰੇਰਕ
ਦੀਨਾਨਗਰ, 26 ਜੁਲਾਈ
ਹਲਕੇ ਵਿੱਚ ਗਰੀਬ ਪਰਿਵਾਰਾਂ ਲਈ ਉਪਰਾਲੇ ਕਰ ਰਹੀ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਪਿੰਡ ਸੇਖਾ ਦੇ 50 ਬੇਘਰੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਵੰਡੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕ ਲੰਮੇ ਸਮੇਂ ਤੋਂ ਘਰ ਬਣਾਉਣ ਲਈ ਜਗ੍ਹਾ ਦੀ ਮੰਗ ਕਰਦੇ ਆ ਰਹੇ ਸਨ ਅਤੇ ਇਸ ਦੌਰਾਨ ਕਈਆਂ ਪਾਰਟੀਆਂ ਦੇ ਆਗੂਆਂ ਨੇ ਇਨ੍ਹਾਂ ਨੂੰ ਝੂਠੇ ਸਬਜ਼ਬਾਗ ਵੀ ਦਿਖਾਏ ਪਰ ਕਿਸੇ ਨੇ ਇਨ੍ਹਾਂ ਦੀ ਮੰਗ ਨੂੰ ਅਮਲੀਜਾਮਾ ਨਹੀਂ ਪਹਿਨਾਇਆ। ਅਖ਼ੀਰ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਪਿੰਡ ਦੇ ਗਰੀਬ ਪਰਿਵਾਰਾਂ ਦੀ ਜ਼ਰੂਰਤ ਨੂੰ ਦੇਖਦਿਆਂ ਇਸ ’ਤੇ ਕਾਰਵਾਈ ਆਰੰਭੀ ਅਤੇ ਅੱਜ ਉਹ ਦਿਨ ਆਇਆ ਹੈ ਜਦੋਂ ਇਹ ਲੋਕ ਆਪਣੇ ਪਲਾਟਾਂ ਦੇ ਸਰਟੀਫ਼ਿਕੇਟ ਹਾਸਲ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਲਾਟ ਹਾਸਲ ਕਰਨ ਵਾਲੇ ਪਰਿਵਾਰਾਂ ਨੂੰ ਨਿਯਮਾਂ ਅਨੁਸਾਰ ਦੋ ਸਾਲਾਂ ਦੇ ਅੰਦਰ ਸਰਕਾਰੀ ਪਲਾਟ ’ਚ ਕਮਰਾ ਛੱਤਣਾ ਜ਼ਰੂਰੀ ਹੋਵੇਗਾ ਅਤੇ ਅਜਿਹਾ ਨਾ ਹੋਣ ਦੀ ਸੂਰਤ ’ਚ ਖ਼ਾਲੀ ਪਲਾਟ ਦੋ ਸਾਲ ਬਾਅਦ ਮੁੜ ਪੰਚਾਇਤ ਦੀ ਜ਼ਮੀਨ ’ਚ ਵਾਪਸ ਚਲਿਆ ਜਾਵੇਗਾ ਅਤੇ ਫਿਰ ਇਸ ’ਤੇ ਪਲਾਟ ਮਾਲਕ ਦੀ ਮਾਲਕੀ ਨਹੀਂ ਰਹੇਗੀ। ਇਸ ਦੌਰਾਨ ਸਰਪੰਚ ਕੁਲਵੰਤ ਸਿੰਘ ਸੇਖਾ ਅਤੇ ਯੂਥ ਆਗੂ ਵਿਕਰਮ ਮਸੀਹ ਨੇ ਪਿੰਡ ’ਚ ਹੋਏ ਅਣਗਿਣਤ ਵਿਕਾਸ ਕੰਮਾਂ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕਰਤਾਰ ਸਿੰਘ ਸੱਦਾ, ਤਰਸੇਮ ਦੋਰਾਂਗਲਾ, ਪੰਚ ਜਸਬੀਰ ਕੌਰ, ਪੰਚ ਦਰਸ਼ਨ ਸਿੰਘ ਅਤੇ ਪੀਐੱਸਓ ਗੁਲਜ਼ਾਰ ਸਿੰਘ ਹਾਜ਼ਰ ਸਨ।