ਰਾਜਨ ਮਾਨ
ਮਜੀਠਾ, 24 ਜੂਨ
ਕਿਸਾਨਾਂ ਵਿਰੁੱਧ ਦਰਜ ਪਰਚੇ ਰੱਦ ਕਰਨ ਅਤੇ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਇਨਸਾਫ ਲੈਣ ਲਈ ਪਿਛਲੇ 38 ਦਿਨਾਂ ਤੋਂ ਡੀਐਸਪੀ ਮਜੀਠਾ ਦੇ ਦਫਤਰ ਦੇ ਬਾਹਰ ਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦਾ ਵੀ ਪਿੱਟ ਸਿਆਪਾ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇਨਸਾਫ ਲਈ ਲਾਇਆ ਗਿਆ ਧਰਨਾ ਅੱਜ 38ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਪ੍ਰਸ਼ਾਸਨ ਨੇ ਅਜੇ ਤੱਕ ਇਨ੍ਹਾਂ ਦੀ ਸਾਰ ਨਹੀਂ ਲਈ। ਅੱਜ ਕਿਸਾਨਾਂ ਨੇ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ‘ਤੇ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕੀਤੀ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੰਧੇਰ, ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਦੇਸ਼ ਭਰ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋਂ ਬਾਅਦ ਹੁਣ ਫੌਜ ਨੂੰ ਠੇਕੇ ਉੱਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਜ਼ਿਲ੍ਹਾ ਆਗੂ ਅਮਰਬੀਰ ਸਿੰਘ ਬਾਗ਼ੀ ਨੇ ਕਿਹਾ ਕਿਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਮੁਖਤਾਰ ਸਿੰਘ ਭੰਗਵਾ, ਅਮਰਿੰਦਰ ਸਿੰਘ ਮਾਲੋਵਾਲ, ਕਿਰਪਾਲ ਸਿੰਘ ਕਲੇਰ, ਨਿਰੰਜਨ ਸਿੰਘ ਜੱਬੋਵਾਲ, ਗੁਰਦੀਪ ਸਿੰਘ ਲਾਟੀ ਹਮਜ਼ਾ, ਪ੍ਰਤਾਪ ਸਿੰਘ ਹਮਜ਼ਾ ਆਦਿ ਹਾਜ਼ਰ ਸਨ।