ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 30 ਅਗਸਤ
ਥਾਣਾ ਕਲਾਨੌਰ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ, 1200 ਨਸ਼ੀਲੀਆਂ ਗੋਲੀਆਂ, ਇੱਕ ਛੋਟੇ ਇਲੈਕਟ੍ਰੋਨਿਕ ਕੰਡੇ, 65 ਹਜ਼ਾਰ ਰੁਪਏ ਦੀ ਡਰੱਗ ਮਨੀ, ਤਿੰਨ ਮੋਬਾਈਲ ਫੋਨ ਤੇ ਹੋਰ ਸਾਮਾਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਵਲੋਂ ਨਸ਼ੇ ਵੇਚਣ ਲਈ ਵਰਤੇ ਜਾਂਦੇ ਤਿੰਨ ਵਾਹਨ ਵੀ ਕਬਜ਼ੇ ਵਿੱਚ ਲੈ ਲਏ ਹਨ। ਥਾਣਾ ਕਲਾਨੌਰ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਕਰਦੀ ਹੋਈ, ਜਦੋਂ ਬਾਬਾ ਕਾਰ ਗੁਰਦੁਆਰਾ ਸਾਹਿਬ ਨੇੜੇ ਪੁੱਜੇ ਤਾਂ ਸੱਜੇ ਪਾਸੇ ਰਸਤੇ ਵਲੋਂ ਇੱਕ ਘਰ ਵਿੱਚੋਂ ਇਨੋਵਾ ਕਾਰ (ਪੀ ਬੀ 13 ਏ ਐੱਸ 0808) ਨਿਕਲੀ। ਕਾਰ ਚਾਲਕ ਪੁਲੀਸ ਨੂੰ ਦੇਖ ਕੇ ਆਪਣੀ ਕਾਰ ਤੇਜ਼ੀ ਨਾਲ ਵਾਪਸ ਆਪਣੇ ਘਰ ਲੈ ਗਿਆ। ਸ਼ੱਕ ਪੈਣ ’ਤੇ ਪੁਲੀਸ ਨੇ ਉਸਦਾ ਪਿੱਛਾ ਕਰ ਕੇ ਘਰ ਵਿੱਚ ਖੜ੍ਹੀ ਇਨੋਵਾ ਕਾਰ ਵਿੱਚੋਂ ਉਤਰਦਿਆਂ ਹੀ ਕਾਰ ਚਾਲਕ ਦੀ, ਜਦੋਂ ਤਲਾਸ਼ੀ ਲਈ ਉਸ ਕੋਲੋਂ ਲਿਫਾਫੇ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਵਾਹਨ ਦੀ ਤਲਾਸ਼ੀ ਲੈਣ ’ਤੇ ਪਿੱਛਲੀ ਸੀਟ ਤੋਂ 10 ਲਾਈਟਰ, ਪੰਜ ਅੱਧਜਲੀਆਂ ਸਿਲਵਰ ਪੰਨੀਆਂ, ਇੱਕ ਛੋਟਾ ਇਲੈਕਟ੍ਰੋਨਿਕ ਕੰਡਾ ਅਤੇ ਗੱਡੀ ਦੇ ਡੈਸ਼ਬੋਰਡ ਵਿੱਚੋਂ 1200 ਨਸ਼ੀਲੀਆਂ ਗੋਲੀਆਂ ਬਿਨਾ ਮਾਰਕਾ ਅਤੇ 65 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਸ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੀ ਵਾਸੀ ਬਾਬਾ ਕਾਰ ਕਲੋਨੀ ਕਲਾਨੌਰ ਵਜੋਂ ਹੋਈ। ਇਹ ਵਾਹਨ ਉਹ ਨਸ਼ੇ ਦੀ ਸਪਲਾਈ ਲਈ ਵਰਤਦਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।