ਨਰਿੰਦਰ ਸਿੰਘ
ਭਿੱਖੀਵਿੰਡ, 24 ਜੁਲਾਈ
ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਾਸਰਕੇ ਦੇ ਰਹਿਣ ਵਾਲੇ ਚਮਕੌਰ ਸਿੰਘ (26) ਨਾਂ ਦੇ ਨੌਜਵਾਨ ਜਿਸ ਦੀ ਜੰਮੂ ਵਿੱਚ ਫੌਜ ’ਚ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫੌਜ ਵੱਲੋਂ ਕੱਲ੍ਹ ਪਰਿਵਾਰਕ ਮੈਂਬਰਾਂ ਨੂੰ ਫੋਨ ਰਾਹੀਂ ਚਮਕੌਰ ਸਿੰਘ ਦੀ ਮੌਤ ਸਬੰਧੀ ਸੂਚਨਾ ਦਿੱਤੀ ਗਈ।
ਮ੍ਰਿਤਕ ਚਮਕੌਰ ਸਿੰਘ ਦੇ ਚਾਚਾ ਜੋਬਨ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ। ਉਸ ਦੀ ਮੌਤ ਸਬੰਧੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਫ਼ੌਜ ਦੀ ਟੁਕੜੀ ਵੱਲੋਂ ਪਿੰਡ ਬਾਸਰਕੇ ਲਿਆਂਦਾ ਗਿਆ ਜਿੱਥੇ ਚਮਕੌਰ ਸਿੰਘ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ। ਫੌਜ ਦੀ ਟੁਕੜੀ ਨੇ ਇਸ ਮੌਕੇ ਜਵਾਨ ਨੂੰ ਸਲਾਮੀ ਦਿੱਤੀ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਐੱਸਡੀਐੱਮ ਪੱਟੀ ਰਾਜੇਸ਼ ਕੁਮਾਰ ਵੀ ਜਵਾਨ ਨੂੰ ਸ਼ਰਧਾਂਜਲੀ ਦੇਣ ਪੁੱਜੇ। ਉਨ੍ਹਾਂ ਗੱਲਬਾਤ ਕਰਦੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਵੱਲੋਂ ਚਮਕੌਰ ਸਿੰਘ ਦੀ ਮੌਤ ਦੇ ਕਾਰਨ ਸਪੱਸ਼ਟ ਨਹੀਂ ਕੀਤੇ ਗਏ। ਜੇਕਰ ਉਹ ਸ਼ਹੀਦ ਹੋਏ ਹਨ ਤਾਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਸ਼ਹੀਦ ਜਵਾਨ ਵਜੋਂ ਮਿਲਣ ਵਾਲੇ ਸਾਰੇ ਲਾਭ ਅਤੇ ਐਲਾਨ ਕੀਤੀ ਰਾਸ਼ੀ ਦੇ ਦਿੱਤੀ ਜਾਵੇਗੀ।