ਸਿਮਰਤਪਾਲ ਸਿੰੰਘ ਬੇਦੀ
ਜੰਡਿਆਲਾ ਗੁਰੂ, 25 ਜਨਵਰੀ
ਜੰਡਿਆਲਾ ਗੁਰੂ ਵਿੱਚ ਨਿੱਤ ਦਿਨ ਚੋਰੀ, ਲੁੱਟਖੋਹ ਦੀਆਂ ਵਾਰਦਾਤਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਸ਼ਾਮ ਸਥਾਨਕ ਬਾਬਾ ਨਾਮਦੇਵ ਰੋਡ ’ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ 4 ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਤਿੰਨ ਲੱਖ ਰੁਪਏ ਲੁੱਟ ਲਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਰਾਂਚ ਦੇ ਮੈਨੇਜਰ ਤੇ ਕੈਸ਼ੀਅਰ ਰਾਜਬੀਰ ਕੌਰ ਨੇ ਕਿਹਾ ਕਿ ਸ਼ਾਮ ਕਰੀਬ ਤਿੰਨ ਵਜੇ ਚਾਰ ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਕੋਲ ਇੱਕ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ, ਲੈ ਕੇ ਬਰਾਂਚ ਵਿੱਚ ਦਾਖ਼ਲ ਹੋਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਉਸ ਉੱਪਰ ਹਥਿਆਰ ਤਾਣ ਦਿੱਤੇ ਅਤੇ ਉਸ ਕੋਲੋਂ ਤਿੰਨ ਲੱਖ ਨਕਦੀ ਅਤੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਉਪਰੰਤ ਇਸ ਦੀ ਸੂਚਨਾ ਤੁਰੰਤ ਥਾਣਾ ਜੰਡਿਆਲਾ ਗੁਰੂ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਇਸ ਲੁੱਟ ਦੀ ਵਾਰਦਾਤ ਵਿੱਚ ਦੱਸੀ ਰਕਮ ਸਬੰਧੀ ਬਰਾਂਚ ਦੇ ਕਰਮਚਾਰੀ ਤਸੱਲੀਬਖਸ਼ ਜਵਾਬ ਨਹੀਂ ਦੇ ਰਹੇ ਅਤੇ ਨਾ ਹੀ ਬੈਂਕ ਵਿੱਚੋਂ ਲੁੱਟੀ ਦੱਸੀ ਜਾ ਰਹੀ ਸਾਰੀ ਰਕਮ ਦੀਆਂ ਐਂਟਰੀਆਂ ਜਾਂ ਰਸੀਦਾਂ ਦਿਖਾਈਆਂ ਗਈਆਂ ਹਨ ਅਤੇ ਲੁਟੇਰਿਆਂ ਦੇ ਹੁਲੀਏ ਬਾਰੇ ਵੀ ਤਸੱਲੀਯੋਗ ਜਵਾਬ ਨਹੀਂ ਦੇ ਪਾ ਰਹੇ ਅਤੇ ਬੈਂਕ ਦੀ ਬਰਾਂਚ ਵਿੱਚ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਹੋਏ। ਡੀਐੱਸਪੀ ਨੇ ਕਿਹਾ ਇਸ ਲੁੱਟ ਸਬੰਧੀ ਵੱਖ- ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਘੋਖ ਕੀਤੀ ਜਾ ਰਹੀ ਹੈ। ਇਸ ਘਟਨਾ ਲਈ ਜਿੰਮੇਵਾਰ ਲੁਟੇਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਖੋਹੇ ਮੋਬਾਈਲ ਫੋਨ ਸਮੇਤ ਮੁਲਜ਼ਮ ਕਾਬੂ
ਅੰਮ੍ਰਿਤਸਰ(ਜਸਬੀਰ ਸਿੰਘ ਸੱਗੂ): ਸਥਾਨਕ ਥਾਣਾ ਮੁਖੀ ਇਸਲਾਮਾਬਾਦ ਨੇ ਦੱਸਿਆ ਹੈ ਕਿ ਚੌਕੀ ਇੰਚਾਰਜ਼ ਕਬੀਰ ਪਾਰਕ ਬਲਵਿੰਦਰ ਸਿੰਘ ਏੇ.ਐਸ.ਆਈ ਨੇ ਸਾਥੀ ਕਰਮਚਾਰੀਆਂ ਸਮੇਤ ਕੱਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਖੋਹ ਕੀਤਾ ਮੋਬਾਈਲ ਫੋਨ ਮਾਰਕਾ ਜ਼ਿਓਮੀ ਰੰਗ ਕਾਲਾ ਬਰਾਮਦ ਕੀਤਾ ਹੈ ਜਿਸ ਦੀ ਪਛਾਣ ਸੰਦੀਪ ਸ਼ਰਮਾ ਉਰਫ ਰਿਤਿਕ ਪੁੱਤਰ ਪਵਨ ਕੁਮਾਰ ਵਾਸੀ ਸ਼ਰਮਾ ਕਲੋਨੀ ਗਲੀ ਨੰਬਰ 3, ਤਰਨ ਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਕਥਿੱਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਪਾਸੋਂ ਬਾਰੀਕੀ ਨਾਲ ਪੁਛਗਿੱਛ ਕੀਤੀ ਜਾ ਸਕੇ।