
ਨਸ਼ਿਆਂ ਖ਼ਿਲਾਫ਼ ਮੀਟਿੰਗ ਕਰਦੇ ਹੋਏ ਪਿੱਦੀ ਪਿੰਡ ਦੇ ਵਾਸੀ| -ਫੋਟੋ: ਗੁਰਬਖਸ਼ਪੁਰੀ
ਪੱਤਰ ਪ੍ਰੇਰਕ
ਤਰਨ ਤਾਰਨ, 25 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਪਿੰਡ ਪਿੱਦੀ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ਵਿੱਚ ਇਕੱਠ ਕਰਕੇ ਨਸ਼ਿਆਂ ਖ਼ਿਲਾਫ਼ ਇਕ ਲਹਿਰ ਉਸਾਰਨ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਵਿੱਚ ਪਿੰਡ ਦੀ ਪੰਚਾਇਤ ਦੇ ਮੈਂਬਰਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਬਕ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਾਬਕਾ ਸਰਪੰਚ ਜਸਬੀਰ ਸਿੰਘ ਪਿੱਦੀ ਤੇ ਪਹਿਲਵਾਨ ਜੈਮਲ ਸਿੰਘ ਆਦਿ ਨੇ ਭਾਗ ਲਿਆ| ਇਸ ਮੌਕੇ ਨਸ਼ਿਆਂ ਖ਼ਿਲਾਫ਼ ਇਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੇ ਮੈਂਬਰ ਨਸ਼ਿਆਂ ਵਿੱਚ ਪਏ ਨੌਜਵਾਨਾਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਇਲਾਜ ਵਾਸਤੇ ਪ੍ਰਬੰਧ ਕਰਨਗੇ| ਕਮੇਟੀ ਨਸ਼ਾ ਆਦਿ ਵੇਚਣ ਵਾਲਿਆਂ ਨੂੰ ਸਮਝਾਉਣ ਦੇ ਯਤਨ ਕਰਨ ਉਪਰੰਤ ਅਗਲੇਰੀ ਕਾਰਵਾਈ ਪਿੰਡ ਵਾਸੀਆਂ ਦੀ ਸਲਾਹ ਨਾਲ ਕਰੇਗੀ| ਕਮੇਟੀ ਵਿੱਚ ਕਰਮ ਸਿੰਘ ਪਹਿਲਵਾਨ, ਗੁਰਜੀਤ ਸਿੰਘ, ਜਰਮਨਜਿੰਦਰ ਸਿੰਘ ਤੇ ਡਾ. ਸੁਖਵੰਤ ਸਿੰਘ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ