ਪੱਤਰ ਪ੍ਰੇਰਕ
ਭੋਗਪੁਰ, 16 ਫਰਵਰੀ
ਭੋਗਪੁਰ ਇਲਾਕਾ ਹਲਕਾ ਆਦਮਪੁਰ ਦਾ ਪ੍ਰਮੁੱਖ ਇਲਾਕਾ ਹੈ। ਭਾਵੇਂ ਪਿਛਲੇ ਪੰਜ ਸਾਲ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਇਸ ਹਲਕੇ ਦਾ ਇੰਚਾਰਜ ਬਣਾਈ ਰੱਖਿਆ ਪਰ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਇਸ ਵਾਰ ਚੋਣਾਂ ਵਿੱਚ ਇਸ ਹਲਕੇ ਤੋਂ ਟਿਕਟ ਨਹੀਂ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨਮੋਸ਼ੀ ਵੀ ਝੱਲਣੀ ਪਈ। ਇਸੇ ਦੌਰਾਨ ਕੁਝ ਦਿਨ ਪਹਿਲਾਂ ਬਸਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਦਿੱਤੀ ਜਿਸ ਕਰਕੇ ਹਲਕੇ ਦੇ ਬਹੁਤ ਸਾਰੇ ਟਕਸਾਲੀ ਕਾਂਗਰਸੀ ਨਾਰਾਜ਼ ਹੋ ਗਏ ਤੇ ਸੁਖਵਿੰਦਰ ਕੋਟਲੀ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਨਹੀਂ ਹੋ ਰਹੇ ਸਨ।
ਉੱਧਰ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ, ਵਪਾਰ ਮੰਡਲ ਦੇ ਪ੍ਰਧਾਨ ਸੁਭਾਸ਼ ਚੰਦਰ ਅਰੋੜਾ, ਮਾਰਕਿਟ ਕਮੇਟੀ ਭੋਗਪੁਰ ਦੇ ਚੇਅਰਮੈਨ ਸਰਵਜੀਤ ਸਿੰਘ ਭਟਨੂਰਾ, ਸਰਪੰਚ ਜਤਿੰਦਰ ਸਿੰਘ, ਅਸ਼ੋਕ ਕੁਮਾਰ, ਰੇਸ਼ਮ ਸਿੰਘ, ਪਰਮਿੰਦਰ ਸਿੰਘ ਜੰਡੀਰ, ਪਰਮਜੀਤ ਸਿੰਘ ਸੈਣੀ ਅਤੇ ਹੋਰ ਪੰਚਾਂ-ਸਰਪੰਚਾਂ ਨੇ ਗਿਲੇ ਸ਼ਿਕਵੇ ਦੂਰ ਕਰਕੇ ਕੋਟਲੀ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਅਜੇ ਵੀ ਕਾਂਗਰਸੀ ਉਮੀਦਵਾਰ ਕੋਟਲੀ ਨਾਲ ਨਹੀਂ ਤੁਰੇ ਜਿਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਟਲੀ ਦਾ ਚੋਣ ਮੁਕਾਬਲਾ ਅਕਾਲੀ-ਬਸਪਾ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ, ਆਪ ਦੇ ਉਮੀਦਵਾਰ ਜੀਤ ਲਾਲ ਭੱਟੀ ਅਤੇ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਜਗਦੀਸ਼ ਜੱਸਲ ਨਾਲ ਹੈ।