ਪੱਤਰ ਪ੍ਰੇਰਕ
ਤਰਨ ਤਰਨ, 23 ਸਤੰਬਰ
ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹੇ ਦੇ ਬਲਾਕ ਭਿੱਖੀਵਿੰਡ ਦੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਮਾਣ ਭੱਤਾ ਨਾ ਦੇਣ ਖਿਲਾਫ਼ ਸੀਡੀਪੀਓ ਭਿੱਖੀਵਿੰਡ ਦੇ ਦਫਤਰ ਸਾਹਮਣੇ ਕੱਲ੍ਹ ਤੋਂ ਰਾਤ-ਦਿਨ ਦਾ ਧਰਨਾ ਸ਼ੁਰੂ ਕੀਤਾ ਹੈ ਜਿਹੜਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ| ਯੂਨੀਅਨ ਦੀਆਂ ਵਰਕਰਾਂ ਨੇ ਬੀਤੀ ਸਾਰੀ ਰਾਤ ਧਰਨਾ ਸਥਾਨ ਤੇ ਬਤੀਤ ਕੀਤੀ।ਜਥੇਬੰਦੀ ਦੀ ਜਿਲ੍ਹਾ ਪ੍ਰਧਾਨ ਅਨੂਪ ਕੌਰ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਵਰਕਰਾਂ ਅਤੇ ਹੈਲਪਰਾਂ ਨੂੰ ਅਨੂਪ ਕੌਰ ਤੋਂ ਇਲਾਵਾ ਸੁਖਵੰਤ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ ਨੇ ਸੰਬੋਧਨ ਕੀਤਾ| ਇਸ ਦੌਰਾਨ ਵਰਕਰਾਂ ਨੇ ਗੀਤਾਂ, ਸਿੱਠਣੀਆਂ ਅਤੇ ਹੋਰ ਤਰੀਕਿਆਂ ਨਾਲ ਰੋਸ ਪ੍ਰਗਟ ਕੀਤਾ।