ਪਾਲ ਸਿੰਘ ਨੌਲੀ
ਜਲੰਧਰ, 12 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਝੰਡੇ ਅਤੇ ਬੈਨਰ ਲੈ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਇਕੱਠੇ ਹੋ ਕੇ ਰੈਲੀ ਕੀਤੀ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਰੈਲੀ ਨੂੰ ਸੂਬਾਈ ਆਗੂ ਕ੍ਰਿਸ਼ਨਾ ਕੁਮਾਰੀ ਅਤੇ ਜਸਵੀਰ ਕੌਰ ਨੇ ਵੀ ਸੰਬੋਧਨ ਕੀਤਾ।
ਤਰਨਤਾਰਨ(ਗੁਰਬਖਸ਼ਪੁਰੀ: ਆਂਗਨਵਾੜ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬਲਾਕ ਇਕਾਈ ਵੱਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਦੇਸ਼ ਪੱਧਰ ’ਤੇ ਮਨਾਏ ਜਾ ਰਹੇ ‘ਰੋਸ ਦਿਵਸ’ ਤੇ ਅੱਜ ਨੌਸ਼ਹਿਰਾ ਪੰਨੂੰਆਂ ਵਿੱਚ ਰੋਸ ਵਿਖਾਵਾ ਕੀਤਾ| ਜਥੇਬੰਦੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਂ ਬਲਾਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ| ਜਥੇਬੰਦੀ ਦੀ ਬਲਾਕ ਪ੍ਰਧਾਨ ਬੇਅੰਤ ਕੌਰ ਢੋਟੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇਸ਼ ਅੰਦਰ ਬੱਚਿਆਂ ਵਿੱਚੋਂ ਕੁਪੋਸ਼ਣ ਖਤਮ ਕਰਨ ਲਈ ਆਈਸੀਡੀਐੱਸ ਨੂੰ ਮਜ਼ਬੂਤ ਕਰਨ ਲਈ ਅੰਦੋਲਨ ਦੇ ਰਾਹ ’ਤੇ ਹੈ| ਉਨ੍ਹਾਂ ਆਂਗਨਵਾੜੀ ਵਰਕਰਾਂ ਲਈ 18,000 ਅਤੇ ਹੈਲਪਰਾਂ ਲਈ 15,000 ਰੁਪਏ ਬੱਝਵੇਂ ਭੱਤੇ ਦੀ ਮੰਗ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੀ ਆਗੂ ਗੁਰਮੀਤ ਕੌਰ, ਭੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ|
ਮਜੀਠਾ (ਲਖਨਪਾਲ ਸਿੰਘ): ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਸਬੰਧੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਦੀ ਅਗਵਾਈ ਵਿੱਚ ਅੱਜ ਸੀਡੀਪੀਓ ਦਫਤਰ ਮਜੀਠਾ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਪੱਤਰ ਦਿੱਤਾ। ਗੜ੍ਹਸ਼ੰਕਰ(ਜੋਗਿੰਦਰ ਕੁੱਲੇਵਾਲ): ਅੱਜ ਇੱਥੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਜਸਵਿੰਦਰ ਕੌਰ ਢਾਡਾ, ਸੁਖਵਿੰਦਰ ਕੌਰ, ਮਹਿੰਦਰ ਕੁਮਾਰ ਬੱਡੋਆਣ, ਸੋਮਨਾਥ ਸਤਨੌਰ ਅਤੇ ਜਗਦੀਸ਼ ਕੌਰ ਦੀ ਅਗਵਾਈ ਵਿੱਚ ਐੱਸਡੀਐੱਮ ਗੜ੍ਹਸ਼ੰਕਰ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਲਈ ਦਿੱਤਾ ਗਿਆ।ਚੋਹਲਾ ਸਾਹਿਬ(ਤੇਜਿੰਦਰ ਸਿੰਘ ਖਾਲਸਾ): ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੀਤੇ ਵਾਅਦਿਆਂ ਸਬੰਧੀ ਚੋਹਲਾ ਸਾਹਿਬ ਦੇ ਬਲਾਕ ਵਿਚ ਬੀ ਡੀ ਪੀ ਓ ਰਾਹੀਂ ਮੁੱਖ ਮੰਤਰੀ ਨੂੰ ਯਾਦ ਪੱਤਰ ਦਿੱਤਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਅਨੂਪ ਕੌਰ ਬਲੇਰ ਅਤੇ ਬੇਅੰਤ ਕੌਰ ਢੋਟੀਆਂ ਨੇ ਸੰਬੋਧਨ ਕੀਤਾ।