ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 23 ਅਗਸਤ
ਇੱਥੋਂ ਨਜ਼ਦੀਕੀ ਪਿੰਡ ਜਾਣੀਆਂ ਵਿੱਚ ਅੱਜ ਦੁਪਹਿਰੇ ਛੁੱਟੀ ਵੇਲੇ ਸੇਂਟ ਸੋਲਜ਼ਰ ਇਲਾਇਟ ਕਾਨਵੈਂਟ ਸਕੂਲ ਦੀ ਬੱਸ ਜਿਸ ਵਿੱਚ ਕਰੀਬ 45 ਬੱਚੇ ਸਵਾਰ ਸਨ, ਉਪਰ ਮੋਟਰਸਾਈਕਲ ਸਵਾਰ ਲੜਕੇ ਨੇ ਤਿੰਨ ਫਾਇਰ ਕੀਤੇ। ਫਾਇਰ ਮਿਸ ਹੋ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਬੱਸ ਡਰਾਈਵਰ ਹਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਪਹਿਰੇ ਕਰੀਬ 3 ਵਜੇ ਛੁੱਟੀ ਮਗਰੋਂ ਬੱਚੇ ਵਾਪਸ ਘਰਾਂ ਨੂੰ ਛੱਡਣ ਜਾ ਰਿਹਾ ਸੀ ਤਾਂ ਨਜ਼ਦੀਕੀ ਪਿੰਡ ਜਾਣੀਆਂ ਨੇੜੇ ਪਿੱਛੋਂ ਆਉਂਦੇ ਮੋਟਰਸਾਈਕਲ ਸਵਾਰ ਨੇ ਰਸਤਾ ਲੈਣ ਲਈ ਹਾਰਨ ਮਾਰੇ ਪਰ ਸੜਕ ਛੋਟੀ ਹੋਣ ਕਾਰਨ ਤੁਰੰਤ ਰਸਤਾ ਨਾ ਮਿਲਣ ’ਤੇ ਉਹ ਤੈਸ਼ ਵਿੱਚ ਆ ਗਿਆ। ਬੱਸ ਨੂੰ ਓਵਰਟੇਕ ਕਰਦਿਆਂ ਹੀ ਉਸ ਨੇ ਡਰਾਈਵਰ ਉੱਪਰ ਪਿਸਤੌਲ ਨਾਲ ਤਿੰਨ ਫਾਇਰ ਕੀਤੇ ਪਰ ਤਿੰਨੋਂ ਫਾਇਰ ਮਿਸ ਹੋ ਗਏ। ਉਸ ਨੇ ਕਿਹਾ ਕਿ ਫਾਇਰ ਮਿਸ ਹੋਣ ਨਾਲ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਮਗਰੋਂ ਅਫਰਾ ਤਫਰੀ ਮੱਚ ਗਈ ਤੇ ਮੌਕੇ ਉੱਪਰ ਰਾਹਗੀਰਾਂ ਨੇ ਲੜਕੇ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੌਜੂਦ ਵਿਅਕਤੀਆਂ ਦੱਸਿਆ ਕਿ ਕਾਬੂ ਲੜਕਾ ਨਸ਼ੇ ਵਿੱਚ ਧੁੱਤ ਸੀ। ਮੌਕੇ ’ਤੇ ਚੌਕੀ ਵਿੱਚੋਂ ਹੌਲਦਾਰ ਗੁਰਦੇਵ ਸਿੰਘ ਮੌਕੇ ਉੱਪਰ ਪਹੁੰਚਿਆ ਜਿਸ ਨੇ ਮੁਲਜ਼ਮ ਤੇ ਪਿਸਤੌਲ ਨੂੰ ਕਬਜ਼ੇ ਵਿੱਚ ਲੈ ਕੇ ਡੀਐੱਸਪੀ ਜੰਡਿਆਲਾ ਗੁਰੂ ਨੂੰ ਸੂਚਿਤ ਕੀਤਾ ਤੇ ਮੌਕੇ ਉੱਪਰ ਡੀਐੱਸਪੀ ਕੁਲਦੀਪ ਸਿੰਘ ਤੇ ਐੱਸਐੱਚਓ ਦਵਿੰਦਰ ਕੁਮਾਰ ਪਹੁੰਚੇ। ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਜਾਣੀਆਂ ਵਜੋਂ ਹੋਈ ਹੈ।
ਰੰਜਿਸ਼ ਕਾਰਨ ਗੋਲੀ ਚੱਲੀ; ਦੋ ਜਣੇ ਜ਼ਖਮੀ
ਐਨਪੀ. ਧਵਨ
ਪਠਾਨਕੋਟ, 23 ਅਗਸਤ
ਪਿੰਡ ਫੰਗਤੋਲੀ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਨੇ ਮੋਟਰਸਾਈਕਲ ਵਿੱਚੋਂ ਪੈਟਰੋਲ ਕੱਢਣ ਦੀ ਰੰਜਿਸ਼ ਨੂੰ ਲੈ ਕੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਅਤੇ ਦੂਸਰੇ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਪਠਾਨਕੋਟ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਨੇ ਇਸ ਅਪਰਾਧ ਵਿੱਚ ਵਰਤੀ ਗਈ 12 ਬੋਰ ਦੀ ਰਾਈਫਲ, 6 ਕਾਰਤੂਸ ਅਤੇ ਖਾਲੀ ਕਾਰਤੂਸ ਬਰਾਮਦ ਕਰ ਲਏ। ਮੁਲਜ਼ਮ ਦਾ ਨਾਂ ਸੰਜੀਵ ਸਿੰਘ ਉਰਫ ਜੌਲੀ (41) ਵਾਸੀ ਫੰਗਤੋਲੀ ਦੱਸਿਆ ਜਾ ਰਿਹਾ ਹੈ ਅਤੇ ਉਸ ਖਿਲਾਫ ਸ਼ਾਹਪੁਰਕੰਡੀ ਪੁਲੀਸ ਸਟੇਸ਼ਨ ਵਿੱਚ ਹੱਤਿਆ ਕਰਨ ਦੀ ਕੋਸ਼ਿਸ਼ ਆਈਪੀਸੀ ਦੀ ਧਾਰਾ 307 ਅਤੇ ਅਸਲਾ ਐਕਟ 25-54-59 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜ਼ਖਮੀਆਂ ਵਿੱਚ ਸਾਗਰ ਸਿੰਘ ਅਤੇ ਸ਼ੁਭਮ ਸ਼ਰਮਾ ਸ਼ਾਮਲ ਹਨ। ਇਸ ਬਾਰੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਜੀਵ ਸਿੰਘ ਉਰਫ ਜੌਲੀ ਅੱਜ ਸਵੇਰੇ ਜਦੋਂ ਰਾਤ ਦੀ ਡਿਊਟੀ ਕਰ ਕੇ ਆਪਣੇ ਪਿੰਡ ਫੰਗਤੋਲੀ ਪੁੱਜਿਆ ਤਾਂ ਉਸ ਨੂੰ ਦਿਹਾੜੀਦਾਰ ਸਾਗਰ ਸਿੰਘ ਮਿਲ ਗਿਆ। ਇਸੇ ਦੌਰਾਨ ਪੁਰਾਣੀ ਰੰਜਿਸ਼ ਕਾਰਨ ਸੰਜੀਵ ਸਿੰਘ ਦਾ ਸਾਗਰ ਸਿੰਘ ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਸੰਜੀਵ ਸਿੰਘ ਨੇ ਆਪਣੀ ਰਾਈਫਲ ਨਾਲ ਗੋਲੀ ਚਲਾ ਦਿੱਤੀ, ਜੋ ਜ਼ਮੀਨ ਵਿੱਚ ਜਾ ਵੱਜੀ ਪਰ ਉਸ ਦੇ ਸ਼ਰ੍ਹੇ ਸਾਗਰ ਸਿੰਘ ਅਤੇ ਉੱਥੋਂ ਲੰਘ ਰਹੇ ਸ਼ੁਭਮ ਸ਼ਰਮਾ ਦੇ ਲੱਗ ਗਏ ਜਿਸ ਨਾਲ ਦੋਵੇਂ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਝਗੜੇ ਦੀ ਅਸਲੀ ਵਜ੍ਹਾ ਇਹ ਸੀ ਕਿ ਸਾਗਰ ਸਿੰਘ ਨੇ ਕਥਿਤ ਤੌਰ ’ਤੇ 3 ਦਿਨ ਪਹਿਲਾਂ ਸੰਜੀਵ ਸਿੰਘ ਉਰਫ ਜੌਲੀ ਦੇ ਮੋਟਰਸਾਈਕਲ ਵਿੱਚੋਂ ਪੈਟਰੋਲ ਕੱਢ ਲਿਆ ਸੀ ਤੇ ਗੁੱਸੇ ਵਿੱਚ ਸੰਜੀਵ ਸਿੰਘ ਨੇ ਸਾਗਰ ਨਾਲ ਝਗੜਾ ਕਰ ਲਿਆ। ਉਨ੍ਹਾਂ ਕਿਹਾ ਕਿ ਸੰਜੀਵ ਸਿੰਘ ਉਰਫ ਜੌਲੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ-ਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।