ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 4 ਅਕਤੂਬਰ
ਲੋਕਾਈ ਕਲਾ ਕੇਂਦਰ ਗੁਰਦਾਸਪੁਰ ਵੱਲੋਂ ਪ੍ਰਸਿੱਧ ਰੰਗਕਰਮੀ ਅਤੇ ਸਾਹਿਤਕਾਰ ਰਾਜਿੰਦਰ ਭੋਗਲ ਦੇ ਜਨਮ ਦਿਹਾੜੇ ਅਤੇ ਪ੍ਰੋ. ਕਿਰਪਾਲ ਸਿੰਘ ਯੋਗੀ ਦੀ ਯਾਦ ਵਿੱਚ ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਵਰਗੀ ਰਾਜਿੰਦਰ ਭੋਗਲ ਦੀ ਧੀ ਡਾ. ਅਮਨਦੀਪ ਭੋਗਲ ਅਤੇ ਪਤਨੀ ਅਮਰਜੀਤ ਭੋਗਲ ਦੇ ਪ੍ਰਬੰਧਾਂ ਹੇਠ ਕਰਵਾਏ ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਪ੍ਰਸਿੱਧ ਕਲਾਕਾਰ ਅਤੇ ਸਾਹਿਤਕਾਰ ਬੀਬਾ ਬਲਵੰਤ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਡਾ ਸੁਰੇਸ਼ ਮਹਿਤਾ, ਸਤਦੇਵ ਸੈਣੀ, ਤਰਲੋਚਨ ਸਿੰਘ, ਗੁਰਚਰਨ ਗਾਂਧੀ ਅਤੇ ਬਾਂਕਾ ਬਹਾਦਰ ਅਰੋੜਾ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਰਮਨ ਬਹਿਲ ਨੇ ਆਪਣੇ ਸੰਬੋਧਨ ਵਿੱਚ ਉਪਰੋਕਤ ਹਸਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਯੋਗੀ ਅਤੇ ਰਾਜਿੰਦਰ ਭੋਗਲ ਗੁਰਦਾਸਪੁਰ ਦਾ ਮਾਣ ਸਨ। ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬੀਬਾ ਬਲਵੰਤ ਨੇ ਆਪਣੇ ਸੰਬੋਧਨ ਵਿੱਚ ਰਾਜਿੰਦਰ ਭੋਗਲ ਅਤੇ ਪ੍ਰੋ. ਕਿਰਪਾਲ ਸਿੰਘ ਯੋਗੀ ਨਾਲ ਬਿਤਾਏ ਪਲ ਸਾਂਝੇ ਕੀਤੇ। ਰਾਜੇਸ਼ ਕੁਮਾਰ ਨੇ ਰਾਜਿੰਦਰ ਭੋਗਲ ਦੇ ਜੀਵਨ ਬਾਰੇ ਪਰਚਾ ਪੜ੍ਹਿਆ। ਇਸ ਮੌਕੇ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ ਘੁਮਾਣ ਦੇ ਸੰਸਥਾਪਕ ਪ੍ਰਿਤਪਾਲ ਸਿੰਘ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਰਮਨ ਬਹਿਲ ਨੇ ਬੀਬਾ ਬਲਵੰਤ ਦੀ ਪੁਸਤਕ ‘ਸਹਿਜ ਸੁਖਨ’ ਲੋਕ ਅਰਪਣ ਕੀਤੀ।