ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 30 ਮਾਰਚ
ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀ ਦੀ ਆਪਸੀ ਖਹਬਿਾਜ਼ੀ ਕਾਰਨ ਗੁਟਬਾਜ਼ੀ ਦਾ ਅੱਡਾ ਬਣਿਆ ਹੋਇਆ ਹੈ ਜਿਸ ਨੂੰ ਰੋਕਣ ਵਿੱਚ ਸਕੂਲ ਪ੍ਰਬੰਧਕ ਵੀ ਬੇਵੱਸ ਦਿਖਾਈ ਦੇ ਰਹੇ ਹਨ। ਆਪਸੀ ਖਹਬਿਾਜ਼ੀ ਕਾਰਨ ਛੁੱਟੀ ਹੋਣ ਸਮੇਂ ਅਕਸਰ ਹੀ ਵਿਦਿਆਰਥੀਆਂ ਦੇ ਇਹ ਗੁੱਟ ਆਪਸ ਵਿੱਚ ਉਲਝਦੇ ਦਿਖਾਈ ਦਿੰਦੇ ਹਨ। ਕਿਸੇ ਵੇਲੇ ਵਿਦਿਆਰਥੀਆ ਦੀ ਇਹ ਝੜਪ ਖੂਨੀ ਰੂਪ ਵੀ ਧਾਰ ਲੈਂਦੀ ਹੈ ਜਿਸ ਕਾਰਨ ਸਕੂਲ ਪੜ੍ਹਦੀਆਂ ਵਿਦਿਆਰਥਣਾਂ ਵਿੱਚ ਵੀ ਡਰ ਵਾਲਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਦਿਆਰਥੀਆਂ ਦੀ ਆਪਸੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਦਿਖਾਈ ਦਿੱਤੀ। ਇਸ ਵੀਡੀਓ ਵਿੱਚ ਵਿਦਿਆਰਥੀਆਂ ਦੇ ਦੋ ਗੁੱਟ ਸਕੂਲ ਦੇ ਬਾਹਰ ਹੱਥੋਪਾਈ ਹੋ ਰਹੇ ਸਨ। ਸਮਾਜ ਸੇਵੀ ਅਤੇ ਆਪ ਆਗੂ ਸੇਵਕਪਾਲ ਸਿੰਘ, ਗੁਰਜੋਤ ਸਿੰਘ, ਰਣਜੀਤ ਸਿੰਘ ਖਾਲਸਾ ਨੇ ਇਸ ਮਾਮਲੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਸਕੂਲ ਪ੍ਰਬੰਧਕਾਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਸਕੂਲ ਵਿਚ ਛੁੱਟੀ ਸਮੇਂ ਖਾਸ ਤੌਰ ’ਤੇ ਮੁਸਤੈਦੀ ਵਰਤਣ ਦੀ ਅਪੀਲ ਕੀਤੀ। ਉਕਤ ਸਾਰੇ ਮਾਮਲੇ ਵਿਚ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਗਿਆਰ੍ਹਵੀਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਸਮਝਾਇਆ ਜਾਂਦਾ ਹੈ ਪਰ ਫਿਰ ਵੀ ਵਿਦਿਆਰਥੀ ਨਿੰਕੀ ਮੋਟੀ ਗੱਲ ਤੋਂ ਸਕੂਲ ਦੇ ਬਾਹਰ ਝਗੜੇ ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਰੋਕਣ ਲਈ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਖਤੀ ਵਰਤੀ ਜਾਵੇਗੀ ਅਤੇ ਛੁੱਟੀ ਸਮੇ ਸਕੂਲ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। ਮਾਮਲੇ ਸਬੰਧੀ ਡੀਐਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ ਗੁਟਬਾਜ਼ੀ ਨੂੰ ਪ੍ਰਮੋਟ ਨਹੀਂ ਹੋਣ ਦਿੱਤਾ ਜਾਵੇਗਾ।