ਪੱਤਰ ਪ੍ਰੇਰਕ
ਪਠਾਨਕੋਟ, 17 ਜਨਵਰੀ
ਕਾਂਗਰਸ ਵੱਲੋਂ ਅਮਿਤ ਵਿੱਜ ਨੂੰ ਦੂਜੀ ਵਾਰ ਹਲਕਾ ਪਠਾਨਕੋਟ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਉਨ੍ਹਾਂ ਅੱਜ ਮੰਦਰ, ਗੁਰਦੁਆਰਾ ਅਤੇ ਚਰਚ ਵਿੱਚ ਮੱਥਾ ਟੇਕ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਜਾਣਕਾਰੀ ਮੁਤਾਬਿਕ ਸਵੇਰੇ ਹੀ ਉਹ ਸਮਰਥਕਾਂ ਨਾਲ ਇਥੇ ਕਾਂਗਰਸ ਭਵਨ ਵਿੱਚ ਪੁੱਜੇ ਅਤੇ ਗਾਂਧੀ ਚੌਕ ਦੀ ਰੇਹੜੀ ਮਾਰਕੀਟ ਵਿੱਚ ਜਾ ਕੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈ ਕੇ ਸਿਆਸੀ ਮਾਹੌਲ ਗਰਮਾ ਦਿੱਤਾ। ਅਮਿਤ ਵਿੱਜ ਨੇ ਚੋਣ ਕਮਿਸ਼ਨ ਵੱਲੋਂ ਚੋਣਾਂ 20 ਫਰਵਰੀ ਨੂੰ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਚੋਣ ਕਮਿਸ਼ਨ ਦਾ ਫੈਸਲਾ ਸਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਜਿਤਾ ਕੇ ਵਿਸ਼ਵਾਸ ਪ੍ਰਗਟ ਕੀਤਾ ਸੀ, ਉਸੇ ਤਰ੍ਹਾਂ ਹੁਣ ਵੀ ਹਲਕੇ ਦੇ ਲੋਕ ਵਿਸ਼ਵਾਸ ਕਾਇਮ ਰੱਖਦੇ ਹੋਏ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਾਉਣਗੇ। ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਗਏ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ।