ਪੱਤਰ ਪ੍ਰੇਰਕ
ਪਠਾਨਕੋਟ, 17 ਨਵੰਬਰ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਮਨਹਰਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਭੱਠਿਆਂ ’ਤੇ ਕੰਮ ਕਰ ਰਹੇ ਪਥੇਰ ਵਾਲੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੇ ਭਾਗ ਲਿਆ। ਇਸ ਦੌਰਾਨ ਮਜ਼ਦੂਰਾਂ ਅਤੇ ਜਮਾਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ, ਅੰਤਰਰਾਜੀ ਮਜ਼ਦੂਰ, ਭੱਠਿਆਂ ’ਤੇ ਕੰਮ ਕਰਨ ਲਈ ਨਹੀਂ ਆ ਰਹੇ ਸਨ। ਭੱਠਾ ਮਾਲਕਾਂ ਨੇ ਜਮਾਦਾਰਾਂ ਨੂੰ ਲੇਬਰ ਦਾ ਕਿਰਾਇਆ ਮੁਆਫ ਕਰਨ ਦਾ ਭਰੋਸਾ ਦਿੱਤਾ ਸੀ ਤਾਂ ਜੋ ਸਰਦੀਆਂ ਦੇ ਮੌਸਮ ਦੇ ਭੱਠਿਆਂ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਡਰ ਦੇ ਬਾਵਜੂਦ ਅਤੇ ਕੱਚੀ ਇੱਟ ਬਣਾਉਣ ਲਈ ਭੱਠਿਆਂ ਤੱਕ ਪਹੁੰਚਣ ਲਈ ਮਜ਼ਦੂਰਾਂ ਨੇ 2 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦਾ ਸਫਰ ਕੀਤਾ ਪਰ ਹੁਣ ਭੱਠਾ ਮਾਲਕਾਂ ਨੇ ਕੰਮ ਪੂਰਾ ਕਰਨ ਦੇ ਬਾਅਦ ਕਿਰਾਇਆ ਵਸੂਲਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਕਾਮਰੇਡ ਸ਼ਿਵ ਕੁਮਾਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਭੱਠਾ ਮਾਲਕ ਮਜ਼ਦੂਰਾਂ ਅਤੇ ਜਮਾਦਾਰਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਜ਼ਿਲ੍ਹਾ ਮੁੱਖ ਦਫਤਰ ’ਤੇ ਸਥਾਈ ਧਰਨਾ ਦੇਣ ਲਈ ਮਜਬੂਰ ਹੋਵੇਗੀ।