ਸਰਬਜੀਤ ਸਾਗਰ
ਦੀਨਾਨਗਰ, 15 ਜੂਨ
ਪਿੰਡ ਭੂੰਡੇਵਾਲ ਦੇ ਕਾਂਗਰਸੀ ਸਰਪੰਚ ਖ਼ਿਲਾਫ਼ ਇੱਕ ਔਰਤ ਵੱਲੋਂ ਪਿਸਤੌਲ ਦੀ ਨੋਕ ’ਤੇ ਜਬਰ ਜਨਾਹ ਕਰਨ ਦੇ ਲਾਏ ਦੋਸ਼ ਅੱਜ ਉਸ ਵੇਲੇ ਸਿਆਸਤ ਤੋਂ ਪ੍ਰੇਰਿਤ ਜਾਪੇ ਜਦੋਂ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ ਤੇ ਮਰਦ ਸਰਪੰਚ ਦੇ ਪੱਖ ’ਚ ਆਣ ਖੜ੍ਹੇ ਹੋਏ। ਸਰਪੰਚ ਵੱਲੋਂ ਇਸ ਲਈ ਪਿੰਡ ਦਾ ਆਮ ਇਜਲਾਮ ਸੱਦਿਆ ਗਿਆ। ਜਿਸ ’ਚ ਪਿੰਡ ਦੀਆਂ ਔਰਤਾਂ ਨੇ ਮੀਡੀਆ ਅੱਗੇ ਖੁੱਲ੍ਹ ਕੇ ਦੋਸ਼ ਲਗਾਉਣ ਵਾਲੀ ਔਰਤ ਨੂੰ ਹੀ ਗ਼ਲਤ ਤੇ ਝੂਠੀ ਦੱਸਿਆ। ਪੰਚਾਇਤ ਮੈਂਬਰ ਮਲਾਵੀ ਦੇਵੀ ਤੇ ਪੰਚ ਸੁਰਜੀਤ ਕੌਰ ਸਣੇ ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਕਿਹਾ ਕਿ ਸਰਪੰਚ ਮਲਕੀਤ ਸਿੰਘ ਨੂੰ ਪਿੰਡ ਵਾਸੀਆਂ ਦਾ ਪੂਰਾ ਸਮਰਥਨ ਹੈ ਤੇ ਔਰਤ ਵੱਲੋਂ ਲਾਏ ਦੋਸ਼ ਝੂਠੇ ਹਨ, ਜਿਸਦੇ ਪਿੱਛੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਦਾ ਹੱਥ ਹੈ ਜੋ ਸਰਪੰਚ ਨੂੰ ਬਦਨਾਮ ਕਰਕੇ ਪਿੰਡ ਦੀ ਚੌਧਰ ਹਥਿਆਉਣਾ ਚਾਹੁੰਦੇ ਹਨ ਪਰ ਪਿੰਡ ਵਾਸੀ ਅਜਿਹੇ ਸ਼ਰਾਰਤੀ ਲੋਕਾਂ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ 30 ਸਾਲਾਂ ’ਚ ਪਿੰਡ ਅੰਦਰ ਐਨਾ ਵਿਕਾਸ ਨਹੀਂ ਹੋਇਆ ਜਿੰਨਾ ਇਸ ਸਰਪੰਚ ਨੇ ਦੋ ਸਾਲਾਂ ’ਚ ਕਰਵਾਇਆ ਹੈ। ਔਰਤਾਂ ਨੇ ਬੇਬਾਕੀ ਨਾਲ ਜਵਾਬ ਦਿੱਤਾ ਕਿ ਸਰਪੰਚ ’ਤੇ ਇਲਜ਼ਾਮ ਲਾਉਣ ਵਾਲੀ ਔਰਤ ਨੇ ਦੋ ਸਾਲ ਪਹਿਲਾਂ ਪਿੰਡ ਦੇ ਇੱਕ ਨੌਜਵਾਨ ਖ਼ਿਲਾਫ਼ ਵੀ ਪੁਲੀਸ ਨੂੰ ਦਰਖ਼ਾਸਤਾਂ ਦਿੱਤੀਆਂ ਸਨ ਤੇ ਹੁਣ ਫਿਰ ਸਰਪੰਚ ਮਲਕੀਤ ਸਿੰਘ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੀ ਚਾਲ ਖੇਡੀ ਗਈ ਹੈ। ਪੰਚਾਇਤ ਮੈਂਬਰ ਲੱਖਾ ਮਸੀਹ ਨੇ ਕਿਹਾ ਕਿ ਇਸ ਸਾਜਿਸ਼ ਪਿੱਛੇ ‘ਆਪ’ ਦੇ ਉਨ੍ਹਾਂ ਲੀਡਰਾਂ ਦਾ ਹੱਥ ਹੈ ਜੋ ਸਰਪੰਚ ਨਾਲ ਚੋਣਾਂ ਦੌਰਾਨ ਖ਼ਾਰ ਖਾਂਦੇ ਸਨ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਸਿਆਸੀ ਦਬਾਅ ਹੇਠ ਸਰਪੰਚ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ। ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਇਲਜ਼ਾਮ ਲਾਉਣ ਵਾਲੀ ਔਰਤ ਦਾ ਖ਼ੁਦ ਦਾ ਚਾਲ ਚੱਲਣ ਠੀਕ ਨਾ ਹੋਣ ਕਾਰਨ ਸਮੂਹ ਪਿੰਡ ਵਾਸੀਆਂ ਨੇ ਉਸਨੂੰ ਪਿੰਡ ਵਿੱਚੋਂ ਵਿਰੋਧ ਕਰਕੇ ਕੱਢ ਦਿੱਤਾ ਸੀ ਤੇ ਤਿੰਨ ਸਾਲਾਂ ਤੋਂ ਉਸਦਾ ਕੋਈ ਥਹੁ ਟਿਕਾਣਾ ਨਹੀਂ। ਸਰਪੰਚ ਨੇ ਕਿਹਾ ਕਿ ਹੁਣ ਇੱਕਦਮ ਇਸ ਔਰਤ ਨੇ ਪੁਲੀਸ ਨੂੰ ਦਰਖ਼ਾਸਤ ਦੇ ਕੇ ਖ਼ੁਦ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਗਈ।
ਪੁੱਤਰ ਨੂੰ ਬਦਨਾਮ ਕਰਨ ’ਤੇ ਮਾਪਿਆਂ ਵੱਲੋਂ ਆਤਮਦਾਹ ਦੀ ਧਮਕੀ
ਪਿੰਡ ਦੇ ਨੌਜਵਾਨ ਜੀਵਨ ਦੀ ਮਾਂ ਮਨਜੀਤ ਕੌਰ ਤੇ ਪਿਤਾ ਜੋਧਾ ਨੇ ਆਪਣੇ ਪੁੱਤਰ ਦੀ ਵਾਰ-ਵਾਰ ਕੀਤੀ ਜਾ ਰਹੀ ਬਦਨਾਮੀ ਤੋਂ ਤੰਗ ਆ ਕੇ ਆਤਮਦਾਹ ਕਰਨ ਦੀ ਧਮਕੀ ਦਿੱਤੀ ਹੈ। ਇਜਲਾਮ ’ਚ ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਪਿੰਡ ’ਚ ਰਹਿੰਦੀ ਔਰਤ ਨੇ ਉਨ੍ਹਾਂ ਦੇ ਪੁੱਤਰ ’ਤੇ ਦੂਜੀ ਵਾਰ ਦੋਸ਼ ਲਾ ਕੇ ਕੇ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਸੂਰ ਇਹ ਹੈ ਕਿ ਉਹ ਸਰਪੰਚ ਤੇ ਕਾਂਗਰਸ ਪਾਰਟੀ ਦਾ ਸਮਰਥਕ ਹੈ।