ਰਾਜਨ ਮਾਨ
ਮਜੀਠਾ, 18 ਮਾਰਚ
ਬਲਾਕ ਤਰਸਿੱਕਾ ਦੇ ਪਿੰਡ ਸਾਧਪੁਰ ਚੋਗਾਵਾਂ ਦੇ ਲੋਕਾਂ ਨੇ ਡੀਪੂ ਹੋਲਡਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਬਿਨਾਂ ਕਾਰਨ ਕੱਟੇ ਗਏ ਨਾਂ ਤੁਰੰਤ ਦਰਜ ਕੀਤੇ ਜਾਣ। ਮੈਂਬਰ ਪੰਚਾਇਤ ਰਣਜੀਤ ਸਿੰਘ ਤੇ ਕਿਰਨਬੀਰ ਸਿੰਘ ਦੀ ਅਗਵਾਈ ਵਿੱਚ ਅੱਜ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਲੋਕਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੂੰ ਦੱਸਿਆ ਕਿ ਲੋੜਵੰਦਾਂ ਦੇ ਕਾਰਡ ਬਿਨਾਂ ਤਸਦੀਕ ਕੀਤਿਆਂ ਹੀ ਕੱਟ ਦਿੱਤੇ ਗਏ ਹਨ ਅਤੇ ਚੰਗੇ ਪਰਿਵਾਰ ਇਸ ਯੋਜਨਾ ਦਾ ਗ਼ੈਰ-ਕਾਨੂੰਨੀ ਢੰਗ ਨਾਲ ਲਾਭ ਉਠਾ ਰਹੇ ਹਨ। ਇਸ ਦੀ ਸਾਰੀ ਜ਼ਿੰਮੇਵਾਰੀ ਵਿਭਾਗ ਤੋਂ ਇਲਾਵਾ ਪਿੰਡ ਦੇ ਡੀਪੂ ਹੋਲਡਰ ਸਤਨਾਮ ਸਿੰਘ ਦੀ ਵੀ ਬਣਦੀ ਹੈ, ਜੋ ਲੋਕਾਂ ਨੂੰ ਸਮੇਂ ਸਿਰ ਪੂਰਾ ਰਾਸ਼ਨ ਵੀ ਨਹੀਂ ਦਿੰਦਾ ਅਤੇ ਭੱਦੀ ਸ਼ਬਦਾਵਲੀ ਵੀ ਰਤਦਾ ਹੈ।
ਪ੍ਰਧਾਨ ਸੱਚਰ ਨੇ ਸਾਰਾ ਮਾਮਲਾ ਸੁਣਨ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਲੋੜਵੰਦਾਂ ਦੇ ਕਾਰਡ ਕੱਟੇ ਗਏ ਹਨ, ਉਹ ਤਸਦੀਕ ਕਰਵਾ ਕੇ ਜਲਦ ਬਣਾ ਦਿੱਤੇ ਜਾਣਗੇ। ਜੇ ਡੀਪੂ ਹੋਲਡਰ ਕਿਸੇ ਵੀ ਬੇਨਿਯਮੀਆਂ ਵਿੱਚ ਦੋਸ਼ੀ ਪਾਇਆ ਗਿਆ ਤਾਂ ਮਹਿਕਮੇ ਵੱਲੋਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਰਮਲ ਸਿੰਘ ਦਰਸ਼ਨ ਸਿੰਘ, ਮੈਂਬਰ ਸਰਵਨ ਸਿੰਘ, ਧਨਜੀਤ ਸਿੰਘ, ਜਗੀਰ ਸਿੰਘ, ਮੁਖਤਾਰ ਸਿੰਘ, ਨਰਿੰਜਨ ਸਿੰਘ ਹਾਜ਼ਰ ਸਨ।