ਕੇ.ਪੀ ਸਿੰਘ
ਗੁਰਦਾਸਪੁਰ , 15 ਫਰਵਰੀ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਤੇ ਘਟੀਆ ਹੱਥਕੰਡੇ ਅਪਣਾ ਕੇ ਵੋਟਾਂ ’ਚ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਇਆ ਹੈ । ਉਨ੍ਹਾਂ ਕਿਹਾ ਕਿ ਰੰਜਿਸ਼ ਤਹਿਤ ਅਕਾਲੀ ਵਰਕਰਾਂ ਤੇ ਝੂਠੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਿਨ੍ਹਾਂ ਗੱਡੀਆਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲਿਆ ਹੈ ਉਨ੍ਹਾਂ ਵਿੱਚੋਂ ਤੇਜ਼ਧਾਰ ਹਥਿਆਰਾਂ ਦੀ ਬਰਾਮਦਗੀ ਦੀ ਗੱਲ ਵੀ ਝੂਠੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਜਿਨ੍ਹਾਂ ਗੱਡੀਆਂ ਵਿੱਚ ਬਜ਼ੁਰਗ ਅਤੇ ਅਪਾਹਜ ਸਮਰਥਕਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਲੈ ਕੇ ਜਾ ਰਹੇ ਸਨ, ਉਨ੍ਹਾਂ ਗੱਡੀਆਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲਿਆ ਹੈ। ਜੇਕਰ ਅਕਾਲੀ ਸਮਰਥਕਾਂ ਨੇ ਨਿਯਮਾਂ ਦੀ ਕੋਈ ਉਲੰਘਣਾ ਕੀਤੀ ਸੀ ਤਾਂ ਉਨ੍ਹਾਂ ਨੂੰ ਮੌਕੇ ’ਤੇ ਹਿਰਾਸਤ ਵਿੱਚ ਕਿਉਂ ਨਹੀਂ ਲਿਆ ਗਿਆ। ਇਸ ਦੇ ਉਲਟ ਸੱਤਾਧਾਰੀ ਕਾਂਗਰਸੀ ਸ਼ਰ੍ਹੇਆਮ ਗੱਡੀਆਂ ਦੇ ਕਾਫ਼ਲੇ ਬਣਾ ਕੇ ਸ਼ਹਿਰ ਵਿੱਚ ਘੁੰਮਦੇ ਰਹੇ ਪਰ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਬੱਬੇਹਾਲੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਅਕਾਲੀ ਉਮੀਦਵਾਰਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਿਆ ਅਤੇ ਬਹੁਤ ਸਾਰੀਆਂ ਥਾਂਵਾਂ ’ਤੇ ਜਾਅਲੀ ਵੋਟਾਂ ਵੀ ਭੁਗਤਾਈਆਂ ਗਈਆਂ। ਇਨ੍ਹਾਂ ਧੱਕੇਸ਼ਾਹੀਆਂ ਦੇ ਖ਼ਿਲਾਫ਼ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਭੇਜ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ ਅਤੇ ਕਾਂਗਰਸੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰੇਗਾ।
ਹਾਰ ਨੂੰ ਦੇਖਦਿਆਂ ਇਲਜ਼ਾਮ ਲਗਾ ਰਹੇ ਹਨ ਅਕਾਲੀ: ਪਾਹੜਾ
ਇਸ ਸਬੰਧੀ ਜ਼ਿਲ੍ਹਾ ਯੂਥ ਕਾਂਗਰਸ, ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨਾਲ ਗੱਲ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਹਾਰ ਨੂੰ ਵੇਖਦਿਆਂ ਅਜਿਹੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ। ਚੋਣਾਂ ਦੇ ਦਿਨ ਅਕਾਲੀ ਦਲ ਸ਼ਹਿਰ ਦਾ ਮਾਹੌਲ ਵਿਗਾੜਨਾ ਚਾਹੁੰਦਾ ਸੀ ਜਿਸ ਨੂੰ ਵੇਖਦਿਆਂ ਪੁਲੀਸ ਨੇ ਬਣਦੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਚੋਣਾਂ ਦੇ ਨਤੀਜੇ ਆਉਣ ’ਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ।
ਵਲਟੋਹਾ ਅਤੇ ਹੋਰ। -ਫੋਟੋ: ਨਰਿੰਦਰ
ਪੰਜਾਬ ਅਤੇ ਕੇਂਦਰ ਸਰਕਾਰ ’ਤੇ ਭੜਕੇ ਵਲਟੋਹਾ
ਭਿੱਖੀਵਿੰਡ (ਪੱਤਰ ਪੇ੍ਰਕ): ਇਥੇ ਨਗਰ ਪੰਚਾਇਤ ਚੋਣਾਂ ਲਈ 13 ਵਾਰਡਾਂ ਲਈ ਪਈਆਂ ਵੋਟਾਂ ਵਿਚ ਹੋਈ ਹੁੱਲੜਬਾਜ਼ੀ ਅਤੇ ਜਾਅਲੀ ਵੋਟਾਂ ਪਾਉਣ ਦੇ ਮਾਮਲੇ ਵਿਚ ਅੱਜ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ੍ਰੀ ਵਲਟੋਹਾ ਨੇ ਕਿਹਾ ਕਿ ਭਿੱਖੀਵਿੰਡ ਪੁਲੀਸ ਜੋ ਕਿ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਸੀ ਅਤੇ 2 ਫ਼ਰਵਰੀ ਨੂੰ ਪੇਪਰ ਦਾਖਲ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਉਮੀਦਵਾਰਾਂ ‘ਤੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਹੀ ਨਹੀਂ ਕਰਨ ਦਿੱਤਾ ਗਿਆ। ਉਸੇ ਤਰ੍ਹਾਂ 14 ਫ਼ਰਵਰੀ ਨੂੰ ਵੋਟਾਂ ਵਾਲੇ ਦਿਨ ਸਰਕਾਰ ਅਤੇ ਵਿਧਾਇਕ ਦੇ ਇਸ਼ਾਰੇ ‘ਤੇ ਪੁਲੀਸ ਪ੍ਰਸ਼ਾਸਨ ਵੱਲੋਂ ਜਾਅਲੀ ਵੋਟਾਂ ਪਾਉਣ ਅਤੇ ਅਕਾਲੀ ਵਰਕਰਾਂ ਨੂੰ ਡਰਾਉਣ ਧਮਕਾਉਣ ਦੀ ਪੂਰੀ ਵਾਅ ਲਗਾਈ। ਉਨ੍ਹਾਂ ਕਿਹਾ ਕਿ ਅਜੇ ਵੀ ਕਾਂਗਰਸ ਦੇ ਉਮੀਦਵਾਰ ਡਰੇ ਹੋਏ ਹਨ ਕਿ ਈਵੀਐੱਮ ਮਸ਼ੀਨਾਂ ਵਿਚੋਂ ਕੀ ਨਿਕਲੇਗਾ। ਉਨ੍ਹਾਂ ਐੱਸਐੱਸਪੀ ਤਰਨਤਾਰਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲੀਸ ਸਰਕਾਰ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਹੀ ਸੀ। ਵਿਰਸਾ ਸਿੰਘ ਵਲਟੋਹਾ ਵਲੋਂ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ ਕਿ ਲਗਾਤਾਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨੇ ’ਤੇ ਬੈਠੇ ਹੋਏ ਹਨ ਉਨ੍ਹਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ।