ਗੁਰਬਖਸ਼ਪੁਰੀ
ਤਰਨ ਤਾਰਨ, 7 ਮਈ
ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਸਾਰੀਆਂ ਦੁਕਾਨਾਂ ਅਤੇ ਹੋਰ ਵਪਾਰਿਕ ਅਦਾਰਿਆਂ ਨੂੰ ਅੱਜ ਸਵੇਰ ਦੇ 9 ਵਜੇ ਤੋਂ ਵਜੇ ਤੋਂ ਲੈ ਕੇ 1-00 ਵਜੇ ਤੱਕ ਤਜਰਬੇ ਦੇ ਤੌਰ ’ਤੇ ਖੋਲ੍ਹਣ ਦੀ ਆਗਿਆ ਦੇਣ ਨਾਲ ਜਿਥੇ ਦੁਕਾਨਦਾਰਾਂ ਅਤੇ ਪ੍ਰਸ਼ਾਸਨ ਵਿਚਾਲੇ ਤਕਰਾਰ ਖਤਮ ਹੋਣ ਦੀਆਂ ਸੰਭਾਵਨਾਂ ਬਣੀਆਂ ਹਨ ਉਥੇ ਹੀ ਆਮ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਤੇ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੋਲ੍ਹੇ ਜਾਣ ਦੀ ਆਗਿਆ ਸੀ। ਵਧੇਰੇ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੇ ਬੰਦ ਰਹਿਣ ਕਰ ਕੇ ਬੀਤੇ ਦਿਨਾਂ ਤੋਂ ਦੁਕਾਨਦਾਰ ਪ੍ਰਸ਼ਾਸਨ ਖ਼ਿਲਾਫ਼ ਰੋਸ ਵਿਖਾਵੇ ਕਰਦੇ ਆ ਰਹੇ ਹਨ। ਅੱਜ ਸਾਰੀਆਂ ਦੁਕਾਨਾਂ ਦੇ ਖੁੱਲ੍ਹਣ ’ਤੇ ਲੋਕਾਂ ਨੇ ਜਿਥੇ ਆਪਣੀਆਂ ਜ਼ਰੂਰੀ ਵਸਤਾਂ ਦੀ ਖਰੀਦ ਕੀਤੀ ਉਥੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰਿਆਂ ਨੇ ਵੀ ਪ੍ਰਸ਼ਾਸਨ ਦੇ ਇਸ ਫੈ਼ਸਲੇ ਦਾ ਸਵਾਗਤ ਕੀਤਾ। ਇਸ ਤਜਰਬੇ ਨੂੰ ਪੂਰੀ ਤਰ੍ਹਾਂ ਤਸੱਲੀਬਖ਼ਸ਼ ਆਖਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਸੋਮਵਾਰ (10 ਮਈ) ਤੋਂ ਦੁਕਾਨਾਂ ਆਦਿ ਦੇ ਬੰਦ ਕੀਤੇ ਜਾਣ ਦਾ ਸਮਾਂ 2-00 ਵਜੇ ਤੱਕ ਕਰ ਦਿੱਤਾ ਜਾਵੇਗਾ, ਜਿਸ ਨਾਲ ਕਾਰੋਬਾਰ ਹੋਰ ਤੇਜ਼ੀ ਨਾਲ ਚੱਲ ਸਕਣਗੇ ਅਤੇ ਵਧੇਰੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾ ਸਕਣਗੇ। ਇਸ ਸਬੰਧੀ ਡੀਸੀ ਕੁਲਵੰਤ ਸਿੰਘ ਤੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਅਧਿਕਾਰੀਆਂ ਤੇ ਦੁਕਾਨਦਾਰਾਂ ਦੇ ਪ੍ਰਤਿਨਿਧੀਆਂ ਨਾਲ ਮੀਟਿੰਗ ਕਰਕੇ ਸਾਰੀਆਂ ਦੁਕਾਨਾਂ ਦੇ ਖੋਲ੍ਹੇ ਜਾਣ ਲਈ ਆਪਸ ਵਿੱਚ ਸਹਿਮਤ ਹੋਣ ’ਤੇ ਜ਼ੋਰ ਦਿੱਤਾ।
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਟਰੇਡਰਜ਼ ਐਸੋਸੀਏਸ਼ਨ ਨੂੰ ਭਰੋਸਾ ਦੁਆਇਆ ਕਿ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ, ਜੋ ਕਿ ਗ਼ੈਰਜ਼ਰੂਰੀ ਸ਼੍ਰੇਣੀ ਵਿੱਚ ਆਉਂਦੇ ਹਨ, ਦੀਆਂ ਮੰਗਾਂ ਸੂਬਾ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਤਾਂ ਜੋ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕਰਕੇ ਵਪਾਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਟਰੇਡਰਜ਼ ਐਸੋਸੀਏਸ਼ਨ ਦੀਆਂ ਮਸਲਿਆਂ ਨੂੰ ਸੁਣਦਿਆਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਾਜ ਸਰਕਾਰ ਨੂੰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਯੋਗ ਮੰਗਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਉਹ ਵੀ ਜ਼ਰੂਰੀ ਪਾਬੰਦੀਆਂ ਤਹਿਤ ਆਪਣੇ ਕਾਰੋਬਾਰ ਖੋਲ੍ਹ ਸਕਣ। ਇਸ ਮੌਕੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਕੋਲੋਂ ਅਜਿਹੀ ਵਿਵਸਥਾ ਤਿਆਰ ਕਰਨ ਸਬੰਧੀ ਸੁਝਾਅ ਲਏ ਗਏ, ਜਿਥੇ ਦੁਕਾਨਾਂ ਵੀ ਖੋਲ੍ਹੀਆਂ ਜਾਣ ਤੇ ਕੋਵਿਡ ਪ੍ਰੋਟੋਕਾਲ ਵੀ ਵੀ ਲਾਗੂ ਰਹਿ ਸਕਣ। ਇਸ ’ਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਮੀਟਿੰਗ ਸਮੂਹ ਨੁਮਾਇੰਦਿਆਂ ਨਾਲ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਬਜ਼ਾਰਾਂ ਦੀਆਂ ਜ਼ਰੂਰਤਾਂ ’ਤੇ ਅਧਾਰਿਤ ਸੁਚਾਰੂ ਵਿਵਸਥਾ ਤਿਆਰ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਸਰਕਾਰ ਨੂੰ ਭੇਜੀ ਜਾਵੇਗੀ ਤੇ ਪ੍ਰਵਾਨਗੀ ਮਿਲਣ ਮਗਰੋਂ ਸੋਮਵਾਰ ਤੋਂ ਲਾਗੂ ਕੀਤਾ ਜਾਵੇਗਾ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਤਿੰਨ ਮਈ ਤੋਂ ਲਗਾਏ ਗਏ ਲੌਕਡਾਊਨ ਦੌਰਾਨ ਕਸਬਾ ਫਤਿਹਗੜ੍ਹ ਚੂੜੀਆਂ ਦੇ ਬਾਜ਼ਾਰਾਂ, ਬੈਂਕਾਂ ਤੇ ਏਟੀਐੱਮ ਸਾਹਮਣੇ ਭੀੜ ਲੱਗੀ ਰਹੀ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਦੁਕਾਨਾਂ ਖੁਲ੍ਹੀਆਂ ਸਨ ਤੇ ਕਈ ਦੁਕਾਨਦਾਰ ਦੁਕਾਨਾਂ ਦੇ ਅੱਧੇ ਸ਼ਟਰ ਖੋਲ੍ਹ ਕੇ ਆਪਣੇ ਕਰਿੰਦੇ ਨੂੰ ਬਾਹਰ ਖੜ੍ਹਾ ਕੇ ਸੌਦਾ ਵੇਚਦੇ ਰਹੇ। ਇਸ ਮੌਕੇ ਡੀਐੱਸਪੀ ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ।
ਪ੍ਰਸ਼ਾਸਨ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
ਭੁਲੱਥ (ਪੱਤਰ ਪ੍ਰੇਰਕ): ਕਸਬਾ ਭੁਲੱਥ, ਬੇਗੋਵਾਲ, ਨਡਾਲਾ ਤੇ ਹੋਰ ਨੇੜਲੇ ਪਿੰਡਾਂ ਦੇ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ 8 ਤੋਂ 15 ਮਈ ਲਈ ਨਵਾਂ ਨੋਟੀਫਿਕੇਸਨ ਜਾਰੀ ਕੀਤਾ ਹੈ। ਜਿਸ ਵਿਚ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦਾ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਵੱਲੋਂ ਜਾਰੀ ਹੁਕਮਾਂ ਬਾਰੇ ਜਾਣਕਾਰੀ ਦਿੰਦਿਆਂ ਐੱਸਡੀਐੱਮ ਭੁਲੱਥ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ 12 ਵਜੇ ਤੱਕ ਕਰਿਆਨਾ, ਸਬਜ਼ੀ, ਬ੍ਰੈੱਡ ਅਤੇ ਦੁੱਧ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਦਕਿ ਬਾਕੀ ਦੁਕਾਨਾਂ ਖੁੱਲ੍ਹਣ ਦਾ ਸਮਾਂ 12 ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਇਸ ਸਬੰਧੀ ਭੁਲੱਥ ਤੇ ਹੋਰ ਕਸਬਿਆਂ ਦੇ ਦੁਕਾਨਾਂ ਨੇ ਤਸੱਲੀ ਪ੍ਰਗਟ ਕੀਤੀ ਹੈ।