ਪੱਤਰ ਪ੍ਰੇਰਕ
ਅਜਨਾਲਾ, 17 ਮਾਰਚ
ਤਹਿਸੀਲ ਅਜਨਾਲਾ ਜਿਸਨੂੰ ਸੂਬੇ ਦੀ ਸਭ ਤੋਂ ਵੱਡੀ ਤਹਿਸੀਲ ਹੋਣ ਦਾ ਮਾਣ ਹਾਸਲ ਹੈ, ਇਸ ਤਹਿਸੀਲ ਅੰਦਰ ਜਿੱਥੇ ਗੁਰੁ ਕਾ ਬਾਗ ਦਾ ਮੋਰਚਾ, ਮੋਗੇ ਦਾ ਮੋਰਚਾ, ਆਜ਼ਾਦੀ ਨਾਲ ਸਬੰਧਿਤ ਇਤਿਹਾਸਕ ਘਟਨਾਵਾਂ ਲਈ ਪ੍ਰਸਿੱਧ ਹਨ ਉੱਥੇ ਹੀ ਹਾਲ ਵਿੱਚ ਹੀ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਅੰਦਰ ਤਹਿਸੀਲ ਅਜਨਾਲਾ ਨਾਲ ਸਬੰਧਤ 3 ਵਿਧਾਇਕ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਅੰਦਰ ਪਹੁੰਚਣ ਵਿੱਚ ਸਫਲ ਹੋਣ ਨਾਲ ਅਜਨਾਲਾ ਫਿਰ ਸੁਰਖੀਆਂ ਵਿੱਚ ਹੈ। ਜੇ ਦੇਖਿਆ ਜਾਵੇ ਤਾਂ ਹਲਕਾ ਅਜਨਾਲਾ ਦੇ ਪਿੰਡ ਜਗਦੇਵ ਕਲਾਂ ਦੇ ਵਾਸੀ ਆਮ ਆਦਮੀ ਪਾਰਟੀ ਦੇ ੳਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਅਤੇ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਸਪੀਕਰ ਹਰਚਰਨ ਸਿੰਘ ਅਜਨਾਲਾ ਦੇ ਪੁੱਤਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਚੋਣ ਜਿੱਤੇ ਹਨ।
ਇਸੇ ਤਰ੍ਹਾਂ ਅਜਨਾਲਾ ਸ਼ਹਿਰ ਦੇ ਵਸਨੀਕ ਨਾਮਵਰ ਸ਼ਖਸ਼ੀਅਤ ਦਰਸ਼ਨ ਸਿੰਘ ਨਿੱਝਰ ਦੇ ਪੁੱਤਰ ਹਲਕਾ ਅੰਮ੍ਰਿਤਸਰ ਦੱਖਣੀ ਤੋਂ ‘ਆਪ’ ਉਮੀਦਵਾਰ ਇੰਦਰਬੀਰ ਸਿੰਘ ਨਿੱਝਰ ਜੋ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਤੇ ਅਕਾਲੀ ਬਸਪਾ ਦੇ ਤਲਬੀਰ ਸਿੰਘ ਗਿੱਲ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਅੰਦਰ ਪਹਿਲੀ ਵਾਰ ਪ੍ਰਵੇਸ਼ ਕੀਤਾ, ਜਿਨ੍ਹਾਂ ਨੂੰ ਹੁਣ ਪ੍ਰੋਟੈਮ ਸਪੀਕਰ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸੇ ਹੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਨਾਲ ਸਬੰਧਿਤ ਜਸਵਿੰਦਰ ਸਿੰਘ ਰਮਦਾਸ ਹਲਕਾ ਅਟਾਰੀ ਤੋਂ ਅਕਾਲੀ-ਬਸਪਾ ਉਮੀਦਵਾਰ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਕਾਂਗਰਸ ਦੇ ਉਮੀਦਵਾਰ ਤਰਸੇਮ ਸਿੰਘ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ।
ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਇੱਕੋ ਸਮੇਂ ਚੋਣ ਜਿੱਤਣ ਨਾਲ ਜਿੱਥੇ ਇਲਾਕਾ ਵਾਸੀਆਂ ਵਿੱਚ ਜਿੱਥੇ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਸਰਹੱਦੀ ਹਲਕਾ ਹੋਣ ਕਾਰਨ ਅਜਨਾਲਾ ਜੋ ਆਜ਼ਾਦੀ ਤੋਂ ਬਾਅਦ ਹਮੇਸ਼ਾ ਹੀ ਵਿਕਾਸ ਪੱਖੋਂ ਅਣਗੌਲਿਆ ਰਿਹਾ, ਹੁਣ ਇਸਦੇ ਵਿਕਾਸ ਦੀ ਆਸ ਬੱਝੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਹੇ ਸਵਰਗੀ ਹਰਚਰਨ ਸਿੰਘ ਅਜਨਾਲਾ ਤਹਿਸੀਲ ਅਜਨਾਲਾ ਦੇ ਪਿੰਡ ਲੱਖੂਵਾਲ ਨਾਲ ਸਬੰਧਿਤ ਸਨ ਅਤੇ ਹੁਣ ਪ੍ਰੋਟੈਮ ਸਪੀਕਰ ਬਣੇ ਇੰਦਰਬੀਰ ਸਿੰਘ ਨਿੱਝਰ ਵੀ ਅਜਨਾਲਾ ਸ਼ਹਿਰ ਨਾਲ ਹੀ ਸਬੰਧਿਤ ਹਨ।