ਖੇਤੀ ਕਾਨੂੰਨ: ਕਿਸਾਨ ਧਰਨੇ ਜਨਤਕ ਸੰਘਰਸ਼ ਵਿੱਚ ਤਬਦੀਲ

ਜਨਤਕ ਜਥੇਬੰਦੀਆਂ ਵੀ ਧਰਨੇ ਵਿੱਚ ਕਰ ਰਹੀਆਂ ਨੇ ਸ਼ਮੂਲੀਅਤ; ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਖਿਆ

ਖੇਤੀ ਕਾਨੂੰਨ: ਕਿਸਾਨ ਧਰਨੇ ਜਨਤਕ ਸੰਘਰਸ਼ ਵਿੱਚ ਤਬਦੀਲ

ਗੁਰਦਾਸਪੁਰ ਰੇਲ ਲਾਈਨ ’ਤੇ ਕਿਸਾਨ ਧਰਨਾ ਦਿੰਦੇ ਹੋਏ।

ਜਤਿੰਦਰ ਬੈਂਸ
ਗੁਰਦਾਸਪੁਰ, 21 ਅਕਤੂਬਰ
ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਅੱਜ 21ਵੇਂ ਦਿਨ ਵੀ ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਰੇਲ ਲਾਈਨ ’ਤੇ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ 22 ਅਕਤੂਬਰ ਤੋਂ ਕਿਸਾਨਾਂ ਨੇ ਰੇਲਵੇ ਲਾਈਨ ਦੀ ਬਜਾਏ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉਤੇ ਮੋਦੀ ਸਰਕਾਰ ਖਿਲਾਫ਼ ਨਿਰੰਤਰ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਦੇ ਧਰਨੇ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਜਥਾ ਰਣਜੀਤ ਸਿੰਘ ਗੁਰਾਇਆ, ਸੁਖਵਿੰਦਰ ਸਿੰਘ, ਵਕੀਲਾਂ ਦਾ ਜਥਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਮਜ਼ਦੂਰਾਂ ਦਾ ਜਥਾ ਨੌਜਵਾਨ ਆਗੂ ਅਮਰ ਕ੍ਰਾਂਤੀ ਅਤੇ ਔਰਤਾਂ ਦਾ ਜਥਾ ਲਖਵਿੰਦਰ ਕੌਰ ਅਤੇ ਮੁਖਵਿੰਦਰ ਕੌਰ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਸ਼ਾਮਲ ਹੋਇਆ। ਇਸੇ ਤਰ੍ਹਾਂ ਸਰਕਾਰੀ ਕਾਲਜ ਤੋਂ ਪ੍ਰੋਫੈਸਰਾਂ ਅਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸਾਬਕਾ ਸੈਨਿਕਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।

ਨਵਾਂਸ਼ਹਿਰ(ਲਾਜਵੰਤ ਸਿੰਘ): ਸਾਂਝੇ ਕਿਸਾਨ ਮੋਰਚੇ ਵਲੋ ਚੰਡੀਗੜ੍ਹ ਰੋਡ ’ਤੇ ਸਥਿਤ ਰਿਲਾਇੰਸ ਸੁਪਰ ਸਮਾਰਟ ਸਟੋਰ ਸਾਹਮਣੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ ਨੂੰ ਲਾਮਬੰਦ ਕਰਨ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਸਾਨਾਂ ਨੂੰ 26 ਅਕਤੂਬਰ ਨੂੰ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੇ ਰਾਹੋਂ ਵਿੱਚ ਮਨਾਏ ਜਾ ਰਹੇ ਜਨਮ ਦਿਹਾੜੇ ਵਿੱਚ ਪੁੱਜਣ ਦੀ ਅਪੀਲ ਕੀਤੀ।

ਮਜੀਠਾ(ਰਾਜਨ ਮਾਨ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਕੱਥੂਨੰਗਲ ਇਲਾਕੇ ਵਿੱਚ ਮਾਰਚ ਕੱਢਿਆ ਗਿਆ ਤੇ ਅੰਮ੍ਰਿਤਸਰ ਜੰਮੂ ਮਾਰਗ ’ਤੇ ਜਾਮ ਲਾਇਆ ਗਿਆ। ਇਸ ਦੌਰਾਨ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਕਿਸਾਨਾਂ ਦੇ ਇਕੱਠ ਨੂੰ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕੀਤਾ।

ਸ਼ਾਹਕੋਟ(ਪੱਤਰ ਪ੍ਰੇਰਕ): ਚੱਕ ਬਾਂਹਮਣੀਆਂ, ਗਿੱਦੜਪਿੰਡੀ ਅਤੇ ਸੰਗੋਵਾਲ ਦੇ ਟੌਲ ਪਲਾਜਿਆਂ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਨਿਰੰਤਰ ਜਾਰੀ ਹਨ। ਇਥੇ ਕਿਸਾਨ ਇਕੱਠਾਂ ਨੂੰ ਬਚਿੱਤਰ ਸਿੰਘ ਤੱਗੜ, ਚਰਨਜੀਤ ਥੰਮੂਵਾਲ ਆਦਿ ਨੇ ਸੰਬੋਧਨ ਕੀਤਾ।

ਸ੍ਰੀ ਹਰਗੋਬਿੰਦਪੁਰ(ਗੁਰਭੇਜ ਸਿੰਘ ਰਾਣਾ): ਨਵਦੀਪ ਸਿੰਘ ਪੰਨੂ ਪ੍ਰਧਾਨ ਕਿਸਾਨ ਮਜ਼ਦੂਰ ਯੂਥ ਮੋਰਚਾ ਦੀ ਅਗਵਾਈ ਵਿੱਚ ਅੱਜ ਇਥੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਮਾਰਚ ਵੀ ਕੀਤਾ ਗਿਆ ਜੋ ਗੁਰਦੁਆਰਾ ਦਮਦਮਾ ਸਾਹਿਬ ਨੇੜਿਓਂ ਆਰੰਭ ਹੋਇਆ ਤੇ ਮੁੱਖ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਹਨੂਮਾਨ ਚੌਕ ਪੰੁਜ ਕੇ ਸਮਾਪਤ ਹੋਇਆ। ਸ੍ਰੀ ਗੋਇੰਦਵਾਲ ਸਾਹਿਬ(ਜਤਿੰਦਰ ਸਿੰਘ ਬਾਵਾ): ਅੱਜ ਖਡੂਰ ਸਾਹਿਬ ਵਿਖੇ ਰੇਸ਼ਮ ਸਿੰਘ ਫੇਲੋਕੇ, ਜਸਬੀਰ ਸਿੰਘ ਵੈਰੋਵਾਲ਼, ਅਜੀਤ ਸਿੰਘ ਢੋਟਾ ਦੀ ਅਗਵਾਈ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁਖਤਾਰ ਸਿੰਘ ਮੱਲਾ ਤੇ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।

ਬੁਟਾਰੀ ਸਟੇਸ਼ਨ ’ਤੇ ਔਰਤਾਂ ਨੇ ਧਰਨੇ ਵਿਚ ਭਰੀ ਹਾਜ਼ਰੀ

ਬੁਟਾਰੀ ਸਟੇਸ਼ਨ ’ਤੇ ਧਰਨੇ ਵਿੱਚ ਸ਼ਾਮਲ ਹੋਈਆਂ ਔਰਤਾਂ।

ਰਈਆ(ਦਵਿੰਦਰ ਸਿੰਘ ਭੰਗੂ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਮੋਰਚੇ ਵੱਲੋਂ ਅੱਜ 21 ਵੇਂ ਦਿਨ ਵੀ ਰੇਲਵੇ ਲਾਈਨ ਬੁਟਾਰੀ ’ਤੇ ’ਧਰਨਾ ਦਿੱਤਾ ਗਿਆ, ਜਿਸ ਵਿੱਚ ਔਰਤਾਂ ਦੀ ਭਰਵੀਂ ਹਾਜ਼ਰੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਇਸ ਮੌਕੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸ਼ਹੀਦ ਹੋਏ ਮੁਲਾਜ਼ਮ ਆਗੂ ਨਛੱਤਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇੱਕ ਮਤੇ ਰਾਹੀਂ ਰਾਜਨੀਤਿਕ ਆਗੂਆਂ ਵੱਲੋਂ ਸਮਗਲਿੰਗ ਕਰ ਕੇ ਲਿਆਂਦੇ ਜਾ ਰਹੇ ਝੋਨੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਕਿਸਾਨੀ ਘੋਲ ਦੀ ਅਹਿਮ ਜਿੱਤ ਕਰਾਰ ਦਿੱਤਾ। ਅਗਲੇ ਐਲਾਨ ਤੱਕ ਇਹ ਘੋਲ ਜਾਰੀ ਰੱਖਣ ਦਾ ਅਹਿਦ ਵੀ ਲਿਆ ਗਿਆ।

ਔਰਤਾਂ ਨੇ ਸਰਕਾਰ ਖਿਲਾਫ਼ ‘ਵੈਣ’ ਪਾ ਕੇ ਰੋਸ ਪ੍ਰਗਟਾਇਆ

ਉਸਮਾਂ ਟੌਲ ਪਲਾਜ਼ਾ ’ਤੇ ਕੇਂਦਰ ਸਰਕਾਰ ਖਿਲਾਫ਼ ‘ਵੈਣ’ ਪਾਉਂਦੀਆਂ ਹੋਈਆਂ ਔਰਤਾਂ|

ਤਰਨ ਤਾਰਨ(ਗੁਰਬਖ਼ਸ਼ਪੁਰੀ): ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਇਲਾਕੇ ਦੇ ਆਮ ਲੋਕਾਂ ਵਲੋਂ ਉਸਮਾਂ ਟੋਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 21ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਤੇ ਸਰਕਾਰ ਖਿਲਾਫ਼ ‘ਵੈਣ’ ਪਾ ਕੇ ਰੋਸ ਪ੍ਰਗਟਾਇਆ। ਇਸ ਮੌਕੇ ਕੀਤੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੁਖਵਿੰਦਰ ਸਿੰਘ ਦੁਗਲਵਾਲਾ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਆਗੂ ਹੀਰਾ ਸਿੰਘ ਮਰਹਾਨਾ, ਰਵਿੰਦਰ ਸਿੰਘ ਉਸਮਾਂ ਆਦਿ ਨੇ ਸੰਬੋਧਨ ਕੀਤਾ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All