ਮਨਪ੍ਰੀਤ ਸਿੰਘ
ਮਾਨਸਰ, 27 ਅਪਰੈਲ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਨਸਰ ’ਤੇ ਲਗਾਇਆ ਧਰਨਾ ਅੱਜ 199ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਅੱਛੇ ਦਿਨਾਂ ਦੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਭਾਜਪਾ ਦੀ ਮੋਦੀ ਸਰਕਾਰ ਦੇਸ਼ ਨੂੰ ਗ਼ੁਲਾਮ ਬਣਾਉਣ ਲਈ ਬਜ਼ਿੱਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਫ਼ਿਰਕੂ ਰੰਗਤ ਦੇ ਕੇ ਜਾਤ-ਪਾਤ ਦੇ ਵਖਰੇਵੇਂ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਰਮਾਏਦਾਰੀ ਦੀ ਪਕੜ ਹੋਣ ਕਾਰਨ ਆਮ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਰੋਨਾ ਦੀ ਓਟ ਵਿਚ ਦੋਗਲੀ ਨੀਤੀ ਅਪਣਾ ਰਹੀ ਹੈ। ਇੱਕ ਪਾਸੇ ਦੇਸ਼ ਵਿਚ ਆਮ ਲੋਕਾਂ ਉਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ ਜਦੋਂਕਿ ਪੱਛਮੀ ਬੰਗਾਲ ਚੋਣ ਪ੍ਰਚਾਰ ਲਈ ਭਾਜਪਾ ਨੂੰ ਪੂਰੀ ਖੁੱਲ੍ਹ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ੀ ਕਿਸਾਨ ਮੋਰਚਿਆਂ ਤੋਂ ਕਿਸੇ ਵੀ ਹਾਲਤ ਵਿਚ ਪਿੱਛੇ ਨਹੀਂ ਹਟਣਗੇ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਨਰਿੰਦਰ ਸਿੰਘ ਗੋਲੀ, ਬਲਦੇਵ ਕ੍ਰਿਸ਼ਨ, ਸਮਸ਼ੇਰ ਸਿੰਘ ਲਾਡਪੁਰ, ਬਲਦੇਵ ਸਿੰਘ, ਤਰਸੇਮ ਸਿੰਘ, ਕਾਮਰੇਡ ਧਿਆਨ ਸਿੰਘ, ਸਰਵਨ ਸਿੰਘ ਹਿਯਾਤਪੁਰ, ਬਲਦੇਵ ਸਿੰਘ ਗਾਲੜੀਆਂ, ਆਸਾ ਸਿੰਘ ਭੰਗਾਲਾ, ਸ਼ੇਰ ਸਿੰਘ, ਬਲਵਿੰਦਰ ਸਿੰਘ ਗੁਰਦਾਸਪੁਰ ਤੇ ਮਲਕਿੰਦਰ ਸਿੰਘ ਹਾਜ਼ਰ ਸਨ।
ਇੰਗਲੈਂਡ ਦੀ ਟਰੇਡ ਯੂਨੀਅਨ ਕਿਸਾਨਾਂ ਦੇ ਹੱਕ ’ਚ ਨਿੱਤਰੀ
ਸੁਲਤਾਨਪੁਰ ਲੋਧੀ (ਨਿੱਜੀ ਪੱਤਰ ਪ੍ਰੇਰਕ): ਇੰਗਲੈਂਡ ਦੀ ਕੈਂਬਰਿਜ ਤੇ ਜ਼ਿਲ੍ਹਾ ਕੌਂਸਲ ਟਰੇਡ ਯੂਨੀਅਨ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਆਪਣੀ ਉੱਚ ਪੱਧਰੀ ਮੀਟਿੰਗ ਕਰ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਕੈਂਬਰਿਜ ਅਤੇ ਜ਼ਿਲ੍ਹਾ ਕਾਊਂਸਲ ਟਰੇਡ ਯੂਨੀਅਨ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਸੰਯੁਕਤ ਮੋਰਚੇ ਦੇ ਆਗੂ ਰਸ਼ਪਾਲ ਸਿੰਘ ਰਾਹੀਂ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂ ਪੀਟਰ ਮਨਾਗਨ ਅਤੇ ਸਕੱਤਰ ਡੇਵਿਡ-ਓ-ਬ੍ਰਾਇਨ ਨੇ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੇੇ ਪੱਤਰ ਵਿੱਚ ਕਿਹਾ ਕਿ ਭਾਰਤ ਦੀ ਕਿਸਾਨੀ ਕੜਕਦੀ ਠੰਢ/ਗਰਮੀ ਅਤੇ ਇਸ ਕਰੋਨਾ ਮਹਾਮਾਰੀ ਵਿਚ ਲਾਮਿਸਾਲ ਘੋਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇੰਗਲੈਂਡ ਦੀ ਕੋਈ ਕਾਰਪੋਰੇਟ ਕੰਪਨੀ ਭਾਰਤੀ ਕਿਸਾਨਾਂ ਦੇ ਵਪਾਰਕ ਹਿੱਤ ਲੁੱਟਣ ਲਈ ਅੱਗੇ ਆਈ ਉਹ ਬਾਕਾਇਦਾ ਫ਼ੈਸਲਾ ਕਰ ਕੇ ਉਸ ਕੰਪਨੀ ਖ਼ਿਲਾਫ਼ ਇੱਥੇ ਵਿਰੋਧ ਪ੍ਰਦਰਸ਼ਨ ਕਰਨਗੇ। ਸੰਯੁਕਤ ਮੋਰਚੇ ਦੇ ਆਗੂ ਰਸ਼ਪਾਲ ਸਿੰਘ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੂੰ 200 ਪੌਂਡ ਸਹਾਇਤਾ ਰਕਮ ਭੇਜਣ ਲਈ ਕੈਂਬ੍ਰਿਜ ਟਰੇਡ ਯੂਨੀਅਨ ਕੌਂਸਲ (ਟਰੇਡ ਯੂਨੀਅਨ) ਇੰਗਲੈਂਡ ਦਾ ਧੰਨਵਾਦ ਕੀਤਾ।