ਐਨਪੀ ਧਵਨ
ਪਠਾਨਕੋਟ, 15 ਅਕਤੂਬਰ
ਪਠਾਨਕੋਟ-ਜਲੰਧਰ ਕੌਮੀ ਮਾਰਗ ’ਤੇ ਸਥਿਤ ਪਿੰਡ ਘੰਡਰਾਂ ਕੋਲੋਂ ਛੁੱਟੀ ’ਤੇ ਆਏ ਫ਼ੌਜੀ ਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਮਾਪਿਆਂ ਨੇ ਅੱਜ ਲਾਸ਼ ਇੱਥੇ ਸਿਵਲ ਹਸਪਤਾਲ ਅੱਗੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਨਹੀਂ ਹੋਇਆ ਬਲਕਿ ਉਸ ਦੀ ਹੱਤਿਆ ਕਰ ਕੇ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ ਹੈ। ਉਹ ਇਸ ਹੱਤਿਆ ਲਈ ਪੁੱਤਰ ਦੇ ਸਹੁਰਾ ਪਰਿਵਾਰ ਉੱਪਰ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਵਿੱਚ ਡੀਐੱਸਪੀ ਦੇ ਭਰੋਸੇ ਮਗਰੋਂ ਉਨ੍ਹਾਂ ਧਰਨਾ ਸਮਾਪਤ ਕੀਤਾ।
ਇਸ ਸਬੰਧੀ ਥਾਣਾ ਨੰਗਲਭੂਰ ਦੇ ਸਹਾਇਕ ਸਬ-ਇੰਸਪੈਕਟਰ ਰਾਕੇਸ਼ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਪਿੰਡ ਘੰਡਰਾਂ ਕੋਲ ਕੌਮੀ ਮਾਰਗ ’ਤੇ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ ਹੋ ਗਿਆ ਹੈ। ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਲਾਸ਼ ਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲਿਆ। ਉਨ੍ਹਾਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ।
ਦੂਜੇ ਪਾਸੇ, ਮ੍ਰਿਤਕ ਫ਼ੌਜੀ ਜਵਾਨ ਅਨੂਪ ਸਿੰਘ ਦੇ ਪਿਤਾ ਸੂਬੇਦਾਰ ਸੁਲੇਖ ਸਿੰਘ ਅਤੇ ਮਾਤਾ ਲਤਾ ਦੇਵੀ ਨੇ ਦੱਸਿਆ ਕਿ ਪਿਛਲੇ ਸਾਲ ਅਪਰੈਲ 2021 ਵਿੱਚ ਉਸ ਦੇ ਪੁੱਤਰ ਦਾ ਵਿਆਹ ਸੁਪਰਿਆ ਵਾਸੀ ਪਿੰਡ ਸੌਂਸ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ ਸੀ। ਵਿਆਹ ਦੇ ਕੁੱਝ ਮਹੀਨਿਆਂ ਬਾਅਦ ਹੀ ਸੁਪਰਿਆ ਪੇਕੇ ਘਰ ਚਲੀ ਗਈ। ਉਸ ਸਹੁਰੇ ਘਰ ਆਉਣ ਲਈ ਅਨੂਪ ਦੀ ਨੌਮਿਨੀ (ਵਾਰਸ) ਬਣਾਉਣ ਲਈ ਕਿਹਾ ਸੀ। ਅਜਿਹਾ ਕਰਨ ਦੇ ਬਾਅਦ ਵੀ ਉਹ ਸਹੁਰੇ ਘਰ ਨਾ ਆਈ। ਉਨ੍ਹਾਂ ਦੱਸਿਆ ਕਿ ਅਨੂਪ ਜੈਪੁਰ ਰਾਜਸਥਾਨ ਵਿੱਚ ਤਾਇਨਾਤ ਸੀ। ਕੁੱਝ ਦਿਨ ਪਹਿਲਾਂ ਹੀ ਉਹ ਛੁੱਟੀ ’ਤੇ ਆਇਆ ਸੀ। ਕਰਵਾਚੌਥ ਦੇ ਦਿਨ ਉਹ ਆਪਣੀ ਪਤਨੀ ਨੂੰ ਲੈਣ ਸਹੁਰੇ ਘਰ ਗਿਆ ਜਿੱਥੋਂ ਉਸ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਪਤਨੀ ਅਤੇ ਸੱਸ ਨੇ ਉਸ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਨੂੰ ਸਵੇਰੇ ਥਾਣਾ ਨੰਗਲਭੂਰ ਪੁਲੀਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।
ਪੁਲੀਸ ਨੇ ਜਦੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪਣਾ ਚਾਹਿਆ ਤਾਂ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ’ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਨੇ ਪੁਲੀਸ ’ਤੇ ਗ਼ਲਤ ਕਾਰਵਾਈ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ।
ਜਾਮ ਲੱਗਣ ਦੀ ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜੇ। ਪਰਿਵਾਰਕ ਮੈਂਬਰ ਸਹੁਰਾ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਅੜੇ ਰਹੇ। ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਪਰਿਵਾਰਕ ਮੈਂਬਰਾਂ ਦੇ ਨਾ ਮੰਨਣ ’ਤੇ ਇਸ ਸਬੰਧੀ ਡੀਐੱਸਪੀ ਸਿਟੀ ਲਖਵਿੰਦਰ ਸਿੰਘ ਰੰਧਾਵਾ ਨੂੰ ਮੌਕੇ ’ਤੇ ਬੁਲਾਇਆ। ਡੀਐਸਪੀ ਨੇ ਇੱਕ ਘੰਟੇ ਦੀ ਜੱਦੋ-ਜਹਿਦ ਬਾਅਦ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਜਾਮ ਖੁੱਲ੍ਹਵਾਇਆ।