ਹਰਜੀਤ ਸਿੰਘ ਪਰਮਾਰ
ਬਟਾਲਾ, 3 ਦਸੰਬਰ
ਇੱਥੇ ਅੱਜ ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਨੇ ਧਰਨਾ ਲਾ ਕੇ ਬਟਾਲਾ ਨੂੰ ਜ਼ਿਲ੍ਹਾ ਨਾ ਬਣਾਉਣ ’ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਅਤੇ ਬਟਾਲਾ ਨੂੰ ਜਲਦੀ ਜ਼ਿਲ੍ਹਾ ਬਣਾਉਣ ਲਈ ਸਰਕਾਰ ਖਿਲਾਫ਼ ਹੱਲਾ ਬੋਲਿਆ। ਵਕੀਲਾਂ ਨੇ ਸਾਰਾ ਅਦਾਲਤੀ ਕੰਮ ਛੱਡ ਕੇ ਹੜਤਾਲ ਕੀਤੀ ਅਤੇ ਕੋਰਟ ਕੰਪਲੈਕਸ ਦੇ ਮੁੱਖ ਮਾਰਗ ਸਾਹਮਣੇ ਰੋਸ ਧਰਨਾ ਲਾਇਆ। ਬਾਰ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰੀਬ ਤਿੰਨ ਦਹਾਕੇ ਪੁਰਾਣੀ ਹੈ ਅਤੇ ਹਰ ਸਰਕਾਰ ਵੱਲੋਂ ਹਮੇਸ਼ਾ ਹੀ ਇਸ ਮੰਗ ਨੂੰ ਅਣਗੌਲਿਆ ਕੀਤਾ ਗਿਆ ਹੈ। ਬੁਲਾਰਿਆਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇੰਨੀ ਤਾਕਤ ਹੋਣ ਦੇ ਬਾਵਜੂਦ ਇਹ ਆਗੂ ਬਟਾਲੇ ਨੂੰ ਜ਼ਿਲ੍ਹਾ ਨਹੀਂ ਬਣਵਾ ਸਕੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਬਟਾਲਾ ਨੂੰ ਜਲਦੀ ਜ਼ਿਲ੍ਹਾ ਨਾ ਬਣਾਇਆ ਗਿਆ ਤਾਂ ਇਸ ਦਾ ਖਮਿਆਜ਼ਾ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਟਾਲਾ ਦੀਆਂ ਪੰਜਾਂ ਸੀਟਾਂ ’ਤੇ ਭੁਗਤਣਾ ਪਵੇਗਾ ਅਤੇ ਸਾਰੇ ਵਕੀਲ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੀ ਮੁਖਾਲਫ਼ਤ ਕਰਨਗੇ। ਇਸ ਮੌਕੇ ਵਕੀਲਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।