ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 22 ਅਕਤੂਬਰ
ਤਿੰਨ ਮਹੀਨੇ ਤੋਂ ਗਲੀ ਦੀ ਉਸਾਰੀ ਰੋਕੇ ਜਾਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਚ ਪਿੰਡ ਸਠਿਆਲੀ ਦੇ ਲੋਕਾਂ ਨੇ ਕੱਲ੍ਹ ਤੋਂ ਲਗਾਇਆ ਧਰਨਾ ਮੰਗਾਂ ਪੂਰੀਆਂ ਹੋਣ ਮਗਰੋਂ ਚੁੱਕ ਲਿਆ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰੰਧਾਵਾ, ਸੁਖਵੰਤ ਸਿੰਘ ਸਠਿਆਲੀ ਅਤੇ ਗੱਬਰ ਸਿੰਘ ਨੇ ਦੱਸਿਆ ਪਿੰਡ ਦੀ ਗਲੀ ਦੇ ਰੁਕੇ ਉਸਾਰੀ ਕਾਰਜ ਨੂੰ ਪੂਰਾ ਕਰਵਾਉਣ ਲਈ ਕੱਲ੍ਹ ਤੋਂ ਬੀਡੀਪੀਓ ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ਹੋਇਆ ਸੀ। ਦੁਪਹਿਰ ਸਮੇਂ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਵੜੈਚ ਨੇ ਗੱਲਬਾਤ ਕਰਨ ਲਈ ਜਦੋਂ ਆਪਣੇ ਦਫ਼ਤਰ ਵਿੱਚ ਬੁਲਾਇਆ ਤਾਂ ਉਸ ਨੇ ਧਰਨੇ ਦੇ ਆਗੂਆਂ ਨਾਲ ਮਾਮਲੇ ਸਬੰਧੀ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਅਤੇ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਭੜਕੇ ਧਰਨਾਕਾਰੀਆਂ ਨੇ ਬੀ.ਡੀ.ਪੀ.ਓ ਦਫ਼ਤਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਬਲਾਕ ਦਫ਼ਤਰ ਦੇ ਅਮਲੇ ਨੇ ਪਿੰਡ ਵਾਸੀਆਂ ਦੀ ਰੁਕੀ ਹੋਈ ਗਲੀ ਦੀ ਉਸਾਰੀ 27 ਅਕਤੂਬਰ ਤੱਕ ਕਰਨ ਭਰੋਸਾ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਧਰਨਾ 27 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ। ਇਸ ਮੌਕੇ ਸੁਰਿੰਦਰ ਸਿੰਘ, ਗੱਬਰ ਸਿੰਘ ਸਠਿਆਲੀ, ਸੁਖਵਿੰਦਰ ਸਿੰਘ ਫ਼ੌਜੀ, ਡਾ ਲਖਵਿੰਦਰ ਸਿੰਘ, ਦਰਸ਼ਨ ਸਿੰਘ, ਭਾਈ ਬਲਦੇਵ ਸਿੰਘ, ਲਖਵਿੰਦਰ ਸਿੰਘ, ਪਰਵੀਨ ਸ਼ਰਮਾ, ਅਮਨਦੀਪ ਕੌਰ, ਬਲਵਿੰਦਰ ਕੌਰ, ਪਿਆਰ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ, ਪੁਨੀਤ ਸ਼ਰਮਾ, ਕਪਿਲ ਦੇਵ ਸ਼ਰਮਾ, ਰਿੰਕਸ ਸ਼ਰਮਾ ਆਦਿ ਹਾਜ਼ਰ ਸਨ।