ਪੱਤਰ ਪ੍ਰੇਰਕ
ਚੇਤਨਪੁਰਾ, 15 ਅਪਰੈਲ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ 19 ਅਪਰੈਲ ਨੂੰ ਕੁੱਕੜਾਂਵਾਲਾ ਦੇ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਕਿਸਾਨ-ਮਹਾਂ ਪੰਚਾਇਤ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਫ਼ਿਲਮੀ ਅਦਾਕਾਰਾ ਸੋਨੀਆ ਮਾਨ ਪਿੰਡ ਕਾਮਲਪੁਰਾ ਵਿੱਚ ਪਹੁੰਚੀ। ਜਿਥੇ ਉਨ੍ਹਾਂ ਵੱਲੋਂ ਨੈਸ਼ਨਲ ਬਾਡੀ ਬਿਲਡਰ ਪਹਿਲਵਾਨ ਹਰਜੀਤ ਸਿੰਘ ਕਾਮਲਪੁਰਾ ਦੀ ਅਗਵਾਈ ਹੇਠ ਅਮਨ ਹੋਠੀ, ਤਰਨਵੀਰ ਸੰਧੂ, ਕਰਨ ਅਜਨਾਲਾ, ਬਲਜੀਤ ਮੋਹਾਰ, ਭਿੰਦਰ ਬੋਹਲੀਆਂ, ਪ੍ਰਭ ਛੀਨਾਂ, ਰਾਜ ਢਿੱਲੋਂ, ਸਾਬਾ ਕੋਹਾਲੀ, ਰਵਿੰਦਰ ਬੋਹਲੀਆਂ, ਨਰਿੰਦਰ ਬੋਹਲੀਆਂ, ਜੋਧਾ ਸਿੰਘ, ਸੁਖਚੈਨ ਪਵਾਰ, ਉਪਕਾਰ ਸਿੰਘ ਆਦਿ ਬਾਡੀ ਬਿਲਡਰਾਂ ਦਾ ਸਨਮਾਨ ਕੀਤਾ ਗਿਆ। ਉਪਰੰਤ ਸਟਰੌਂਗ ਮੈਨ ਜਿਮ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਸੋਨੀਆ ਮਾਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਗਲਬੇ ਤੋਂ ਬਾਹਰ ਨਿਕਲ ਕੇ ਕਿਸਾਨ-ਮਹਾਂਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨੀ ਦੇ ਹੱਕ ਵਿੱਚ ਖੜਨ ਦੀਆਂ ਗੱਲਾਂ ਕਰਦੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕੁੱਕੜਾਂਵਾਲਾ ਸਟੇਡੀਅਮ ਨੂੰ ਜੋ ਜਿੰਦੇ ਮਾਰੇ ਗਏ ਹਨ, ਉਨ੍ਹਾਂ ਨੂੰ ਚੰਗਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਮਹਾਂ ਪੰਚਾਇਤ ਕਰਨ ਜਾ ਰਹੇ ਹਨ ਤੇ ਜੇ ਸਰਕਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿਸਾਨ ਇਨ੍ਹਾਂ ਨੂੰ 2022 ਦੀਆਂ ਚੋਣਾਂ ਵਿੱਚ ਸਬਕ ਸਿਖਾਉਣਗੇ। ਇਸ ਮੌਕੇ ਕਿਸਾਨ ਆਗੂ ਸੂਬੇਦਾਰ ਜੋਗਿੰਦਰ ਸਿੰਘ, ਸੁਖਵੰਤ ਸਿੰਘ ਤੇੜਾ, ਸੁਖਦੇਵ ਸਿੰਘ ਸੈਸਰਾ, ਜਗਪ੍ਰੀਤ ਕੋਟਲਾ ਹਾਜ਼ਰ ਸਨ।