ਨਰਿੰਦਰ ਸਿੰਘ
ਭਿੱਖੀਵਿੰਡ, 10 ਜੂਨ
ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਕੋਟ ਬੁੱਢਾ ਵਿਚ ਕੁਝ ਦਿਨ ਪਹਿਲਾਂ ਦੋ ਭਰਾਵਾਂ ਦੀ ਹੋਈ ਤਕਰਾਰਬਾਜ਼ੀ ਵਿਚ ਉਨ੍ਹਾਂ ਨੂੰ ਛੁਡਾਉਣ ਵਾਲੇ ਨੌਜਵਾਨ ਸੁਖਜਿੰਦਰ ਸਿੰਘ ਨੂੰ ਮੌਕੇ ‘ਤੇ ਮੌਜੂਦ ਕੁਝ ਲੋਕਾਂ ਵਲੋਂ ਲੱਕ ਵਿਚ ਗੋਲੀ ਮਾਰ ਦਿੱਤੀ। ਬਾਅਦ ਵਿਚ ਉਹ ਵਿਅਕਤੀ ਉਸ ਨੂੰ ਆਪਣੇ ਨਾਲ ਹੀ ਲੈ ਗਏ ਅਤੇ ਖੁਦ ਹੀ ਕਿਸੇ ਹਸਪਤਾਲ ਵਿਚੋਂ ਉਸ ਦੀ ਗੋਲੀ ਕਢਵਾ ਕੇ ਉਸ ਕੋਲੋਂ ਪੁਲੀਸ ਚੌਕੀ ਵਿਚ ਦਬਾਅ ਪੁਆ ਰਾਜ਼ੀਨਾਮਾ ਕਰ ਲਿਆ। ਉਸ ਤੋਂ ਬਾਅਦ ਉਸ ਨੂੰ ਨੌਸ਼ਹਿਰਾ ਪੰਨੂਆਂ ਕਿਸੇ ਜਾਣਕਾਰ ਦੇ ਘਰ ਦੇ ਬਾਹਰ ਸੁੱਟ ਗਏ। ਜ਼ੇਰੇ ਇਲਾਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇੰਦਰਦੇਵ ਦਾ ਆਪਣੇ ਭਰਾ ਨਾਲ ਕਿਸੇ ਗੱਲ ਦਾ ਝਗੜਾ ਹੋ ਰਿਹਾ ਸੀ। ਉਹ ਇਨ੍ਹਾਂ ਨੂੰ ਛੁਡਵਾਉਣ ਗਿਆ ਤਾਂ ਇੰਦਰਦੇਵ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਲੱਕ ਵਿਚ ਲੱਗੀ ਉਸ ਤੋਂ ਬਾਅਦ ਉਸ ਦੀ ਗੋਲੀ ਕਢਵਾ ਕੇ ਉਸ ਕੋਲੋਂ ਪੁਲੀਸ ਦੀ ਹਾਜ਼ਰੀ ਵਿਚ ਰਾਜ਼ੀਨਾਮਾ ਲਿਖਵਾ ਕੇ ਉਸ ਨੂੰ ਨੌਸ਼ਹਿਰਾ ਪੰਨੂਆਂ ਸੁੱਟ ਗਏ। ਡੀਐੱਸਪੀ ਪੱਟੀ ਪਰਵੇਜ ਚੋਪੜਾ ਨੇ ਕਿਹਾ ਕਿ ਉਹ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਰਹੇ ਹਨ। ਐੱਸਐੱਚਓ ਹਰਪ੍ਰੀਤ ਸਿੰਘ ਥਾਣਾ ਸਦਰ ਨੇ ਕਿਹਾ ਕਿ ਉਹ ਕਿਤੇ ਰੇਡ ’ਤੇ ਗਏ ਆ ਕੇ ਕਾਰਵਾਈ ਕਰਨ ਉਪਰੰਤ ਜਾਣਕਾਰੀ ਦੇਣਗੇ, ਪਰ ਬਾਅਦ ਵਿਚ ਦੇਰ ਸ਼ਾਮ ਤੱਕ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਹੀਂ ਸਮਝਿਆ।