ਸੁਭਾਸ਼ ਜੋਸ਼ੀ
ਬਲਾਚੌਰ, 18 ਜੂਨ
ਪੁਲੀਸ ਚੌਕੀ ਆਸਰੋਂ ਦੀ ਪੁਲੀਸ ਦੀ ਮੂਸਤੈਦੀ ਕਾਰਨ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਦੀ ਬ੍ਰਾਮਦਗੀ ਕਰਕੇ ਇਨੋਵਾ ਕਾਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਪਾਸੋਂ ਹੋਰ ਪੁੱਛਗਿੱਛ ਲਈ ਪੁਲੀਸ ਨੂੰ ਦੋ ਦਿਨ ਦਾ ਰਿਮਾਂਡ ਮਿਲ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਚੌਕੀ ਆਸਰੋਂ ਦੇ ਏਐੱਸਆਈ ਰਾਮ ਸ਼ਾਹ ਜਦੋਂ ਸਮੇਤ ਪੁਲੀਸ ਪਾਰਟੀ ਨੇੜੇ ਗੁਰੂਦੁਆਰਾ ਟਿੱਬੀ ਸਾਹਿਬ ਸਪੈਸ਼ਲ ਨਾਕੇਬੰਦੀ ’ਤੇ ਸਨ ਤਾਂ ਰੋਪੜ ਵੱਲੋਂ ਇੱਕ ਕਾਰ ਇਨੋਵਾ (ਸੀਐਚ 06ਸੀ-0364) ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ 68 ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਕਰੈਜੀ ਰੋਮੀਓ ਬਿਨਾਂ ਪਰਮਿੰਟ ਬਰਾਮਦ ਹੋਈ। ਪੁਲੀਸ ਵੱਲੋਂ ਕਥਿਤ ਦੋਸ਼ੀ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਨਿਊ ਫਤਿਹਗੜ੍ਹ ਹੁਸ਼ਿਆਰਪੁਰ ਵਜੋਂ ਹੋਈ। ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 50 ਅਧੀਨ ਧਾਰਾ 61-1-85 ਤਹਿਤ ਮਾਮਲਾ ਦਰਜ ਕਰਕੇ ਅੱਜ ਅਡੀਸ਼ਨਲ ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮੁਲਜ਼ਮ ਸੰਦੀਪ ਕੁਮਾਰ ਪਾਸੋਂ ਹੋਰ ਪੁੱਛਗਿੱਛ ਲਈ ਪੁਲੀਸ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ।