ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
ਬੈਂਕ ਵਿੱਚੋਂ ਪੈਸਿਆਂ ਦੀ ਨਿਕਾਸੀ ਦੀ ਮੰਗ ਸਬੰਧੀ ਹਿੰਦੂ ਕੋਆਪਰੇਟਿਵ ਬੈਂਕ ਦੇ ਖਾਤਾਧਾਰਕਾਂ ਦੀ ਸੰਘਰਸ਼ ਸਮਿਤੀ ਵੱਲੋਂ ਸ਼ੁਰੂ ਕੀਤਾ ਧਰਨਾ ਪ੍ਰਦਰਸ਼ਨ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਸੰਘਰਸ਼ ਸਮਿਤੀ ਦੇ ਪ੍ਰਧਾਨ ਰਜਤ ਬਾਲੀ ਦੀ ਅਗਵਾਈ ਵਿੱਚ ਖਾਤਾਧਾਰਕਾਂ ਨੇ ਬੈਂਕ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਬੀਆਰ ਗਰਗ, ਨਰੇਸ਼ ਰੈਣਾ, ਵਰਿੰਦਰ ਸਾਗਰ, ਭਾਰਤ ਭੂਸ਼ਣ ਪੁਰੀ, ਨਿਰਮਲ ਕੈਲਾ, ਜਗਦੀਸ਼ ਸ਼ਰਮਾ, ਧਰਮ ਪਾਲ ਪੁਰੀ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਪ੍ਰਧਾਨ ਰਜਤ ਬਾਲੀ ਨੇ ਕਿਹਾ ਕਿ ਬੈਂਕ ਪ੍ਰਸ਼ਾਸਨ ਨੇ ਖਾਤਾਧਾਰਕਾਂ ਤੋਂ ਸਹਿਯੋਗ ਮੰਗਿਆ ਸੀ ਕਿ ਹਰ ਮਹੀਨੇ 1 ਲੱਖ ਰੁਪਏ ਕਢਵਾ ਲਿਆ ਕਰਨ। ਇਸ ਸੁਝਾਅ ਉਪਰ ਸਾਰੇ ਖਾਤਾਧਾਰਕ ਸਹਿਮਤ ਸਨ ਪਰ ਬੈਂਕ ਨੇ ਸਿਰਫ 3 ਵਾਰ 1-1 ਲੱਖ ਰੁਪਏ ਦਿੱਤੇ ਅਤੇ ਉਸ ਤੋਂ ਬਾਅਦ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ 15 ਮਾਰਚ ਤੋਂ ਖਾਤਾਧਾਰਕਾਂ ਨੂੰ ਇੱਕ ਪੈਸਾ ਨਹੀਂ ਮਿਲਿਆ। ਬੈਂਕ ਅਧਿਕਾਰੀ ਕਹਿੰਦੇ ਹਨ ਕਿ ਡਿਪਟੀ ਕਮਿਸ਼ਨਰ ਜੋ ਕਿ ਬੈਂਕ ਦੇ ਪ੍ਰਸ਼ਾਸਕ ਵੀ ਹਨ, ਨੇ 1-1 ਲੱਖ ਰੁਪਏ ਕੱਢਣ ਦੀ ਇਜਾਜ਼ਤ ਦੇਣੀ ਹੈ।