ਪਾਲ ਸਿੰਘ ਨੌਲੀ
ਜਲੰਧਰ, 30 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਭੁੱਖ ਹੜਤਾਲ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਦਫਤਰ ਅੱਗੇ ਭੁੱਖ ਹੜਤਾਲ ਅਤੇ ਜਨਤਕ ਮੀਟਿੰਗ ਕੀਤੀ ਗਈ। ਇਸ ਮੌਕੇ ਦਿੱਲੀ ’ਚ ਸਰਕਾਰੀ ਸ਼ਹਿ ’ਤੇ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਸਮੇਤ ਦਿੱਲੀ ਹਿੰਸਾ ਲਈ ਕਸੂਰਵਾਰਾਂ ਨੂੰ ਗ੍ਰਿਫਤਾਰ ਅਤੇ ਕਿਸਾਨ ਆਗੂਆਂ ਉੱਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀਆਂ ਵੱਲੋਂ 2 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਤੋਂ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਮੋਰਚੇ ਲਈ ਕੂਚ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਅਤੇੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਰਤਨ ਸਿੰਘ, ਸੁਰਜੀਤ ਸਿੰਘ ਉੱਪਲ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਮੰਗਲਜੀਤ ਪੰਡੋਰੀ, ਵਰਜੀਤ ਕੌਰ, ਔਰਤ ਆਗੂ ਅਨੀਤਾ ਸੰਧੂ, ਜਸਵੀਰ ਕੌਰ ਜੱਸੀ, ਸੁਰਜੀਤ ਕੌਰ ਉੱਧੋਵਾਲ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਤੋਂ ਇਲਾਵਾ ਨਿਰਮਲਜੀਤ ਕੌਰ, ਸੁਰਿੰਦਰ ਕੁਮਾਰੀ ਕੋਛੜ, ਕੁਲਵੰਤ ਕੌਰ ਪੱਬਵਾਂ, ਬਲਵਿੰਦਰ ਕੌਰ, ਵੀਰ ਕੁਮਾਰ, ਗੁਰਪ੍ਰੀਤ ਸਿੰਘ ਚੀਦਾ ਸਮੇਤ ਸੈਂਕੜੇ ਲੋਕਾਂ ਨੇ ਭੁੱਖ ਹੜਤਾਲ ਕੀਤੀ।
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਇੱਥੇ ਕਈ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਟਰੇਡ ਯੂਨੀਅਨਾਂ ਦੇ ਵੱਡੀ ਗਿਣਤੀ ਵਰਕਰਾਂ ਵੱਲੋਂ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ‘ਸਦਭਾਵਨਾ ਦਿਵਸ’ ਦੇ ਤੌਰ ’ਤੇ ਮਨਾਉਂਦਿਆਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਵਰਤ ਰੱਖਿਆ| ਵਰਤ ਵਿੱਚ ਜਮਹੂਰੀ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਲ ਇੰਡੀਆ ਕਿਸਾਨ ਸਭਾ ਆਦਿ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ, ਟਰੇਡ ਯੂਨੀਅਨ ਆਗੂ ਮੰਗਤ ਰਾਮ ਪਾਸਲਾ, ਹਰਭਜਨ ਸਿੰਘ, ਦਲਜੀਤ ਸਿੰਘ ਦਿਆਲਪੁਰਾ, ਕਿਸਾਨ ਸਭਾ ਦੇ ਸੂਬਾ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਨਛੱਤਰ ਸਿੰਘ ਜੌੜਾ, ਸਤਨਾਮ ਸਿੰਘ ਜੌਹਲ, ਰਾਜਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
ਪਠਾਨਕੋਟ (ਐੱਨਪੀ ਧਵਨ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ਦੇ ਵਿਰੋਧ ਵਿੱਚ ਕੁੱਲ ਹਿੰਦ ਸਭਾ ਜਮੂਹਰੀ ਕਿਸਾਨ ਸਭਾ ਅਤੇ ਸਮੂਹਿਕ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਗਾਂਧੀ ਚੌਕ ਵਿੱਚ ਰੋਸ ਧਰਨਾ ਦੇ ਕੇ ਭੁੱਖ ਹੜਤਾਲ ਕੀਤੀ ਗਈ। ਸ਼ਾਮ ਨੂੰ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਸ਼ਾਹਕੋਟ (ਗੁਰਮੀਤ ਖੋਸਲਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਉੱਪਰ ਭਾਜਪਾਈਆਂ ਵੱਲੋਂ ਕੀਤੇ ਗਏ ਹਮਲੇ ਅਤੇ ਦੇਸ਼ ਭਰ ਵਿੱਚ ਦਲਿਤਾਂ ਉੱਪਰ ਹੋ ਰਹੇ ਜਬਰ ਖਿਲਾਫ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਲਸੀਆਂ ਵਿੱਚ ਮੁਜ਼ਾਹਰਾ ਕੀਤਾ।
ਪੱਟੀ (ਬੇਅੰਤ ਸਿੰਘ ਸੰਧੂ): ਸੰਯੁਕਤ ਮੋਰਚਾ ਦੇ ਸੱਦੇ ’ਤੇ ਕਾਮਰਡੇ ਧਰਮ ਸਿੰਘ ਪੱਟੀ, ਜੈਮਲ ਸਿੰਘ ਵਲਟੋਹਾ, ਕਾਮਰੇਡ ਦਿਲਬਾਗ ਸਿੰਘ, ਸਤਨਾਮ ਸਿੰਘ ਭੁੱਲਰ ਅਤੇ ਜਨਵਾਦੀ ਇਸਤਰੀ ਸਭਾ ਦੇ ਆਗੂ ਬੀਬੀ ਨਰਿੰਦਰ ਕੌਰ, ਬਲਜੀਤ ਕੌਰ, ਗੁਰਜੀਤ ਕੌਰ, ਹਰਜੀਤ ਕੌਰ, ਰਘਬੀਰ ਨਿੱਝਰ ਵੱਲੋਂ ਪੱਟੀ ਸ਼ਹਿਰ ਦੇ ਕੁੱਲਾ ਚੌਕ ਅੰਦਰ ਸਦਭਾਵਨਾ ਦਿਵਸ ਮਨਾਉਦਿਆਂ ਭੁੱਖ ਹੜਤਾਲ ਕੀਤੀ ਗਈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਸਥਾਨਕ ਸੁਤਹਿਰੀ ਰੋਡ ’ਤੇ ਰਿਲਾਇੰਸ ਸ਼ੋਅਰੂਮ ਦੇ ਬਾਹਰ ਪਿਛਲੇ 80 ਦਿਨਾਂ ਤੋਂ ਚੱਲ ਰਹੇ ਧਰਨੇ ਦੌਰਾਨ ਅੱਜ ਜਥੇਬੰਦੀ ਦੇ ਪ੍ਰਧਾਨ ਹਰਬੰਸ ਸਿੰਘ ਸੰਘਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਭੁੱਖ ਹੜਤਾਲ ’ਤੇ ਗੁਰਮੁੱਖ ਸਿੰਘ ਮੋਨਾ ਕਲਾਂ, ਮਲਕੀਤ ਸਿੰਘ ਹੁੱਕੜਾਂ, ਸ਼ਾਮ ਸਿੰਘ ਮੋਨਾ ਕਲਾਂ, ਭਗਤ ਸਿੰਘ ਅਤੇ ਮਨਜੀਤ ਸਿੰਘ ਬੈਠੇ। ਇਸੇ ਦੌਰਾਨ ਇੱਥੇ ਮਾਹਿਲਪੁਰ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਭਾਰਤ ਜਗਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫ਼ੂਕੀ ਗਈ।
ਮਾਨਸਰ (ਮਨਪ੍ਰੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਾਨਸਰ ਟੌਲ ਪਲਾਜ਼ਾ ਤੇ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਪੂਰੇ ਦਿਨ ਦੀ ਭੁੱਖ ਹੜਤਾਲ ਕੀਤੀ ਗਈ।
ਚੋਹਲਾ ਸਾਹਿਬ (ਤੇਜਿੰਦਰ ਸਿੰਘ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸਥਾਨਕ ਸਟੇਡੀਅਮ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਲੀ ਜਾਣ ਦੀ ਰਣਨੀਤੀ ਬਣਾਈ ਗਈ ਅਤੇ ਅੰਦੋਲਨ ਦੇ ਹੱਕ ਵਿੱਚ 11 ਕਿਸਾਨਾਂ ਵੱਲੋਂ ਭੁੱਖ ਹੜਤਾਲ ਰੱਖੀ ਗਈ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਦੱਸਿਆ ਕਿ ਅੱਜ ਪ੍ਰਗਟ ਸਿੰਘ ਚੰਬਾ, ਜਸਵਿੰਦਰ ਸਿੰਘ ਚੰਬਾ, ਬਲਦੇਵ ਸਿੰਘ ਗੰਡੀਵਿੰਡ, ਤੀਰਥ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਗੰਡੀਵਿੰਡ, ਤਜਿੰਦਰ ਸਿੰਘ ਤੇਜਾ ਖਾਰਾ, ਗੁਰਜੀਤ ਕੌਰ ਖਾਰਾ, ਸਰਬਸ਼ਕਤੀ ਸਿੰਘ, ਜਗਬੀਰ ਸਿੰਘ, ਦਲਜੀਤ ਸਿੰਘ ਚੌਧਰੀ ਵਾਲਾ ਨੇ ਭੁੱਖ ਹੜਤਾਲ ਰੱਖੀ।
ਦੀਪ ਸਿੱਧੂ, ਲੱਖਾ ਤੇ ਪੰਧੇਰ ਦੇ ਪੁਤਲੇ ਫੂਕੇ
ਗੁਰਦਾਸਪੁਰ (ਜਤਿੰਦਰ ਬੈਂਸ): ਰੇਲਵੇ ਸਟੇਸ਼ਨ ਗੁਰਦਾਸਪੁਰ ਵਿੱਚ ਪੱਕਾ ਖੇਤੀ ਕਾਨੂੰਨਾਂ ਖਿਲਾਫ਼ ਪੱਕਾ ਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੁੱਲ ਹਿੰਦ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਮੌਕੇ ਸਦਭਾਵਨਾ ਦਿਵਸ ਮਨਾਉਂਦਿਆਂ ਸਮੂਹਿਕ ਰੂਪ ਵਿੱਚ ਭੁੱਖ ਹੜਤਾਲ ਕੀਤੀ। ਇਸ ਮੌਕੇ ਸਥਾਨਕ ਜਹਾਜ਼ ਚੌਕ ਵਿੱਚ ਮੋਦੀ ਸਰਕਾਰ ਅਤੇ ਦੀਪ ਸਿੱਧੂ, ਲੱਖਾ ਸਿਧਾਣਾ ਤੇ ਸਰਵਣ ਪੰਧੇਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਰੇਲਵੇ ਸਟੇਸ਼ਨ ਉੱਤੇ ਧਰਨੇ ਦੀ ਪ੍ਰਧਾਨਗੀ ਕਿਸਾਨ ਆਗੂਆਂ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਕੱਤੋਵਾਲ, ਅਜੀਤ ਸਿੰਘ ਹੁੰਦਲ, ਐੱਸਪੀ ਸਿੰਘ ਗੌਸਲ, ਅਮਰਜੀਤ ਸ਼ਾਸ਼ਤਰੀ, ਬਲਵਿੰਦਰ ਖੋਖਰ, ਗੁਰਦੀਪ ਸਿੰਘ, ਲਖਵਿੰਦਰ ਸਿੰਘ ਮਰੜ ਤੇ ਮੱਖਣ ਸਿੰਘ ਕੁਹਾੜ ਨੇ ਕੀਤੀ।
ਕਿਸਾਨਾਂ ਦੇ ਹੱਕ ਵਿੱਚ ਅਧਿਆਪਕ ਨਿੱਤਰੇ
ਤਰਨ ਤਾਰਨ (ਪੱਤਰ ਪ੍ਰੇਰਕ): ਸਰਹੱਦੀ ਖੇਤਰ ਦੇ ਅਧਿਆਪਕਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੱਜ ਦੁਪਹਿਰ ਦਾ ਖਾਣਾ ਛੱਡ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਵਿੱਚ ਰੋਸ ਧਰਨਾ ਦਿੱਤਾ| ਇਸ ਮੌਕੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਲਕਰ ਵਲਟੋਹਾ, ਧਰਮਿੰਦਰ ਸਿੰਘ, ਜਰਮਨ ਸਿੰਘ ਆਦਿ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਲਾਗੂ ਕੀਤੀਆਂ ਜਾ ਰਹੀਆਂ ਫਿਰਕੂ ਨੀਤੀਆਂ ਤੋਂ ਇਲਾਵਾ ਦੇਸ਼ ਦੇ ਸੰਘੀ ਢਾਂਚੇ ਨੂੰ ਹੀ ਤਹਿਸ-ਨਹਿਸ ਕਰਕੇ ਸੂਬਿਆਂ ਦੀਆਂ ਸਰਕਾਰਾਂ ਦੇ ਅਧਿਕਾਰਾਂ ਤੱਕ ਨੂੰ ਹਥਿਆਉਣ ਦਾ ਦੋਸ਼ ਲਗਾਇਆ| ਆਗੂਆਂ ਕਿਹਾ ਕਿ ਹੁਣ ਕਿਸਾਨ ਅੰਦੋਲਨਦੇਸ਼ ਵਿਆਪੀ ਬਣ ਗਿਆ ਹੈ ਜਿਸ ਨੂੰ ਦਬਾਉਣਾ ਸਰਕਾਰ ਲਈ ਆਸਾਨ ਨਹੀਂ ਹੈ।