ਪਾਲ ਸਿੰਘ ਨੌਲੀ
ਜਲੰਧਰ, 18 ਅਕਤੂਬਰ
ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਨੂੰ 50 ਕਿਲੋਮੀਟਰ ਤੱਕ ਤਲਾਸ਼ੀ ਲੈਣ ਦੇ ਅਧਿਕਾਰ ਦੇਣ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁਤਲੇ ਫੂਕੇ। ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ’ਚ ‘ਆਪ’ ਵਰਕਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ‘ਆਪ’ ਦੀ ਲੀਡਰਸ਼ਿੱਪ ਨੇ ਦੋਸ਼ ਲਾਇਆ ਕਿ ਬੀਐੱਸਐੱਫ ਨੂੰ ਵੱਧ ਅਧਿਕਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਨਾਲ ਰਲੀ ਹੋਈ ਹੈ। ਇਹ ਰੋਸ ਪ੍ਰਦਰਸ਼ਨ ‘ਆਪ’ ਦੀ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਕੀਤੇ ਗਏ ਹਨ। ਇਸ ਮੌਕੇ ਰਾਜਵਿੰਦਰ ਕੌਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੀਐੱਸਐੱਫ ਨੂੰ ਦਿੱਤੀਆਂ ਵਾਧੂ ਤਾਕਤਾਂ ਦਾ ਤਿੱਖਾ ਵਿਰੋਧ ਕਰਦੇ ਹੋਏ ਕੇਂਦਰ ਦੇ ਇਸ ਕਦਮ ਨੂੰ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਅਤੇ ਕੌਮੀ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਇਸ ਮੌਕੇ ‘ਆਪ’ ਆਗੂ ਦਰਸ਼ਨ ਲਾਲ ਭਗਤ, ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਹਰਚਰਨ ਸਿੰਘ ਸੰਧੂ, ਆਈਐੱਸ ਬੱਗਾ ਅਤੇ ਸੁਭਾਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਆਮ ਆਦਮੀ ਪਾਰਟੀ ਨੇ ਅੱਜ ਸਥਾਨਕ ਪੁਤਲੀਘਰ ਇਲਾਕੇ ਵਿਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਖਿਲਾਫ ਰੋਸ ਵਿਖਾਵਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਦੇ ਪੁਤਲੇ ਸਾੜੇ ਹਨ।ਇਹ ਰੋਸ ਪ੍ਰਦਰਸ਼ਨ ਆਪ ਦੇ ਆਗੂ ਇਕਬਾਲ ਸਿੰਘ ਭੁੱਲਰ, ਜ਼ਿਲਾ ਪ੍ਰਧਾਨ ਜੀਵਨ ਜੋਤ ਕੌਰ, ਦਿਹਾਤੀ ਪ੍ਰਧਾਨ ਹਰਵੰਤ ਸਿੰਘ, ਸੀਮਾ ਸੋਢੀ ਅਤੇ ਪ੍ਰਭਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤਾ। ਆਪ ਆਗੂਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਧਰਨੇ ਵਿਚ ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ, ਦਲਬੀਰ ਸਿੰਘ, ਭਗਵੰਤ ਸਿੰਘ ਕੰਵਲ, ਸੁਖਬੀਰ ਕੌਰ, ਡਾ ਇੰਦਰਪਾਲ, ਅਨਮੋਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਰਕੁੰਨ ਹਾਜ਼ਰ ਸਨ।
ਗੁਰਦਾਸਪੁਰ (ਜਤਿੰਦਰ ਸਿੰਘ ਬੈਂਸ): ਆਮ ਆਦਮੀ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪਾਰਟੀ ਦੇ ਸਥਾਨਕ ਵਰਕਰਾਂ ਨੇ ਸ਼ਹਿਰ ਅੰਦਰ ਮਾਰਚ ਕਰਨ ਉਪਰੰਤ ਕੇੰਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਸਾੜਿਆ।
ਪਠਾਨਕੋਟ (ਐੱਨਪੀ ਧਵਨ): ਕੇਂਦਰ ਸਰਕਾਰ ਵੱਲੋਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਦਾਇਰਾ 50 ਕਿਲੋਮੀਟਰ ਤੱਕ ਵਧਾ ਦਿੱਤੇ ਜਾਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਦੀ ਅਗਵਾਈ ਵਿੱਚ ਇੱਥੇ ਵਾਲੀਮੀਕ ਚੌਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਤਰਨ ਤਾਰਨ (ਗੁਰਬਖਸ਼ਪੁਰੀ): ਆਮ ਆਦਮੀ ਪਾਰਟੀ ਨੇ ਅੱਜ ਇਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰਨ ਖਿਲਾਫ਼ ਰੋਸ ਵਿਖਾਵਾ ਕੀਤਾ| ਪਾਰਟੀ ਦੇ ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖਹਿਰਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਦੀ ਅਗਵਾਈ ਵਿੱਚ ਕੀਤੇ ਰੋਸ ਵਿਖਾਵੇ ਵਿੱਚ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ|