ਪੱਤਰ ਪ੍ਰੇਰਕ
ਫਗਵਾੜਾ, 8 ਅਕਤੂਬਰ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਥੋਂ ਦੇ ਮੁਹੱਲਾ ਉਂਕਾਰ ਨਗਰ ਵਿੱਚ ਦਸਹਿਰੇ ਮੌਕੇ ਵਾਪਰੀ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸਮਾਜ ’ਚ ਵੰਡੀਆਂ ਪਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗੀ, ਇਹ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ। ਅੱਜ ਇਥੇ ਪਾਰਟੀ ਦਫ਼ਤਰ ਦਾਣਾ ਮੰਡੀ ਵਿੱਚ ਜ਼ਿਲ੍ਹਾ ਪ੍ਰਧਾਨ ਮੈਡਮ ਲਲਿਤ, ਸੂਬਾ ਜੁਆਇੰਟ ਸਕੱਤਰ ਪ੍ਰਿੰਸੀਪਲ ਨਿਰਮਲ ਸਿੰਘ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਸੰਤੋਸ਼ ਕੁਮਾਰ ਗੋਗੀ ਤੇ ਹੋਰ ਆਗੂਆਂ ਨੇ ਕਿਹਾ ਕਿ ਦੇਸ਼ ’ਚ ਕਦੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ, ਜਿਸ ਤਰ੍ਹਾਂ ਦੀ ਫਗਵਾੜਾ ਵਿੱਚ ਵਾਪਰੀ ਹੈ ਕਿ ਬੁੱਤ ਤਿਆਰ ਪਏ ਹੋਣ ਤੇ ਉਨ੍ਹਾਂ ਨੂੰ ਖੜ੍ਹੇ ਕਰਨ ਤੇ ਅਗਨੀ ਭੇਟ ਕਰਨ ਦੀ ਇਜਾਜ਼ਤ ਨਾ ਹੋਵੇ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਲੀਡਰ ਜਾਂ ਅਫ਼ਸਰ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲੱਗੇ ਕੁਝ ਪੁਲੀਸ ਅਫ਼ਸਰਾਂ ਨੇ ਉਕਤ ਲੀਡਰ ਦੇ ਇਸ਼ਾਰੇ ’ਤੇ ਅਜਿਹੀ ਮਾੜੀ ਹਰਕਤ ਕੀਤੀ ਹੈ, ਜਿਸ ਉੱਪਰ ਹਰ ਸ਼ਹਿਰੀ ਦੁੱਖ ਪ੍ਰਗਟਾਅ ਰਿਹਾ ਹੈ।