ਭਗਵਾਨ ਦਾਸ ਸੰਦਲ
ਦਸੂਹਾ, 22 ਮਈ
ਇਥੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਕੁਮਾਰ ਰੰਜਨ ਨੇ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਕਣਕ ਦੀ ਖ਼ਰੀਦ ਦਾ ਅਮਲ ਸ਼ੁਰੂ ਹੋਣ ਤੋਂ ਡੇਢ ਮਹੀਨੇ ਮਗਰੋਂ ਵੀ ਮੰਡੀਆਂ ਵਿੱਚ ਕਣਕ ਦੀ ਢੁੱਕਵੀਂ ਲਿਫਟਿੰਗ ਦੇ ਪ੍ਰਬੰਧ ਨਹੀ ਹਨ। ਜਿਸ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਨਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਕਰੋਨਾਕਾਲ ‘ਚ ਆੜ੍ਹਤੀ ਅਤੇ ਮਜ਼ਦੂਰ ਡਰ ਦੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਾਰਦਾਨੇ ਦੀ ਭਾਰੀ ਕਮੀ ਨੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕੀਤਾ ਤੇ ਹੁਣ ਨਾ ਮਾਤਰ ਲਿਫਟਿੰਗ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਆੜ੍ਹਤੀ ਯੂਨੀਅਨ ਦਾਤਾਰਪੁਰ ਦੇ ਪ੍ਰਧਾਨ ਕਿਸ਼ੋਰੀ ਲਾਲ ਸ਼ਰਮਾ ਨੇ ਦੱਸਿਆ ਕਿ ਹਰ ਸੀਜ਼ਨ ’ਚ ਇਲਾਕੇ ਦੀ ਮੰਡੀਆਂ ਵਿੱਚ ਲੱਖਾਂ ਰੁਪਏ ਦੀ ਫਸਲ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਜਾਂਦੀ ਅਤੇ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬੈਠਾ ਦੇਖਦਾ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹੀਆਂ ਦੀ ਖਜ਼ਲ ਖਰਾਬੀ ਰੋਕਣ ਲਈ ਸਰਕਾਰ ਨੂੰ ਇਸ ਸਮੱਸਿਆ ਵੱਲ ਜਲਦ ਧਿਆਨ ਦੇਣਾ ਚਾਹੀਦਾ ਹੈ।