ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 25 ਜੁਲਾਈ
ਸਬ ਡਿਵੀਜ਼ਨ ਖਡੂਰ ਸਾਹਿਬ ਵਿੱਚ ਬਤੌਰ ਟ੍ਰੈਫਿਕ ਇੰਚਾਰਜ ਸੇਵਾ ਨਿਭਾਅ ਰਹੇ ਏਐੱਸਆਈ ਸੁਖਰਾਜ ਸਿੰਘ ਨਾਲ ਡਿਊਟੀ ਦੌਰਾਨ ਆਪਣੇ-ਆਪ ਨੂੰ ‘ਆਪ’ ਦਾ ਸਰਕਲ ਪ੍ਰਧਾਨ ਦੱਸਣ ਵਾਲੇ ਮੋਟਰਸਾਈਕਲ ਸਵਾਰ ਵੱਲੋਂ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ ਗਿਆ। ਇਸ ਸਬੰਧੀ ਟ੍ਰੈਫਿਕ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਖਡੂਰ ਸਾਹਿਬ ਮੋੜ ’ਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਤੇ ਉਸ ਨੂੰ ਮੋਟਰਸਾਈਕਲ ’ਤੇ ਸਰਕਾਰੀ ਨੰਬਰ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਆਪਣੇ-ਆਪ ਨੂੰ ‘ਆਪ’ ਦਾ ਸਰਕਲ ਪ੍ਰਧਾਨ ਦੱਸ ਕੇ ਟ੍ਰੈਫਿਕ ਪੁਲੀਸ ਮੁਲਾਜ਼ਮਾਂ ’ਤੇ ਆਪਣੇ ਅਹੁਦੇ ਦਾ ਰੋਹਬ ਪਾਉਣ ਲੱਗਿਆ। ਇਸ ’ਤੇ ਉਸ ਮੋਟਰਸਾਈਕਲ ਸਵਾਰ ਵੱਲੋਂ ਨੰਬਰ ਪਲੇਟ ਨਾ ਹੋਣ ਕਾਰਨ ਚਲਾਨ ਕੱਟਣ ’ਤੇ ਪੁਲੀਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਦਿਆਂ ਟ੍ਰੈਫਿਕ ਪੁਲੀਸ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ। ਇਸ ਦੌਰਾਨ ਮੋਟਰਸਾਈਕਲ ਸਵਾਰ ਵੱਲੋ ਪੁਲੀਸ ਮੁਲਾਜ਼ਮਾਂ ਨੂੰ ਚਲਾਨ ਕੱਟਣ ’ਤੇ ਸਿਆਸੀ ਧਮਕੀਆਂ ਦਿੱਤੀਆਂ ਗਈਆਂ। ਮੋਟਰਸਾਈਕਲ ਸਵਾਰ ਨੇ ਰਾਹ ਰੋਕ ਕੇ ਟ੍ਰੈਫਿਕ ਪੁਲੀਸ ਦੀ ਡਿਪਟੀ ਵਿੱਚ ਵਿਘਨ ਵੀ ਪਾਇਆ। ਟ੍ਰੈਫਿਕ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਮੋਟਰਸਾਈਕਲ ਪੀਬੀ 46 ਏਏ 7226 ’ਤੇ ਸਵਾਰ ਸ਼ੇਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਜਵੰਦਪੁਰ ਦਾ ਟ੍ਰੈਫਿਕ ਪੁਲੀਸ ਨਾਲ ਦੁਰਵਿਵਹਾਰ ਕਰਨ ਸਬੰਧੀ ਅਤੇ ਮੋਟਰਸਾਈਕਲ ਦੀ ਨੰਬਰ ਪਲੇਟ ਨਾ ਹੋਣ ਦਾ ਚਲਾਨ ਕੱਟ ਕੇ ਮੋਟਰਸਾਈਕਲ ਦੇ ਕਾਗਜ਼ ਜ਼ਬਤ ਕੀਤੇ ਗਏ ਹਨ।