ਲਖਨਪਾਲ ਸਿੰਘ
ਮਜੀਠਾ, 8 ਜੁਲਾਈ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਹਲਕਾ ਮਜੀਠਾ ਦੇ ਭਾਜਪਾ ਇੰਚਾਰਜ ਪਰਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਜੇਠੂਨੰਗਲ ਵਿੱਚ ਕਰਵਾਈ ਗਈ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 2024 ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੀ ਮਜ਼ਬੂਤੀ ਲਈ ਅੰਮ੍ਰਿਤਸਰ ਦੇ 9 ਵਿਧਾਨ ਸਭਾ ਹਲਕਿਆਂ ’ਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕਰਕੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਕੇਂਦਰ ਦੀਆਂ ਇਨ੍ਹਾਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਕਾਂਗਰਸ ਪਾਰਟੀ ਤੋਂ ਬਦਲਾਅ ਚਾਹੁੰਦੇ ਸੀ, ਜਿਸ ਕਰਕੇ ਪੰਜਾਬ ਦੀ ਜਨਤਾ ਨੇ ’ਆਪ’ ਦੇ ਹੱਕ ’ਚ ਫਤਵਾ ਦਿੱਤਾ ਪਰ ਆਮ ਆਦਮੀ ਪਾਰਟੀ ਵੀ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰ ਸਕੀ ਜਿਸ ਦਾ ਪ੍ਰਮਾਣ ਸੰਗਰੂਰ ਲੋਕ ਸਭਾ ਚੋਣ ’ਚ ਹਾਰ ਹੈ। ਇਸ ਚੋਣ ’ਚ ਭਾਜਪਾ ਨੂੰ ਅਕਾਲੀ ਦਲ ਨਾਲੋਂ 22 ਹਜ਼ਾਰ ਦੇ ਕਰੀਬ ਵੱਧ ਵੋਟਾਂ ਵੱਧ ਮਿਲਣ ਤੋਂ ਸਾਬਤ ਹੁੰਦਾ ਹੈ ਕਿ ਹੁਣ ਲੋਕਾਂ ਦਾ ਝੁਕਾਅ ਭਾਜਪਾ ਵੱਲ ਹੋ ਰਿਹਾ ਹੈ। ਇਸ ਮੌਕੇ ’ਤੇ 25 ਦੇ ਕਰੀਬ ਪਰਿਵਾਰ ਪਰਦੀਪ ਭੁੱਲਰ ਦੀ ਅਗਵਾਈ ਹੇਠ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ, ਜਿਨ੍ਹਾ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।