ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ
ਹਾਈਕੋਰਟ ਵਲੋਂ ਪ੍ਰਾਈਵੇਟ ਸਕੂਲਾਂ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਦਾ ਵਿਰੋਧ ਕਰ ਰਹੇ ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਵੀ ਆ ਗਈ ਹੈ। ਅੱਜ ਆਪ ਦੇ ਯੂਥ ਵਿੰਗ ਵਲੋਂ ਮਾਪਿਆਂ ਦੀ ਜਥੇਬੰਦੀ ਦਾ ਸਮਰਥਨ ਕਰਦਿਆਂ ਰੋਸ ਵਿਖਾਵੇ ਵਿਚ ਸ਼ਮੂਲੀਅਤ ਕੀਤੀ ਗਈ ਹੈ।
ਅਦਾਲਤ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਕਰੋਨਾ ਸੰਕਟ ਦੌਰਾਨ ਟਿਊਸ਼ਨ ਫੀਸ ਆਦਿ ਲੈਣ ਦਾ ਹੱਕ ਦਿੱਤਾ ਗਿਆ ਹੈ ਜਿਸ ਦਾ ਮਾਪਿਆਂ ਦੀ ਜਥੇਬੰਦੀ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫੈਸਲੇ ਦੇ ਖਿਲਾਫ ਬੀਤੇ ਕੱਲ ਵੀ ਰੋਸ ਮਾਰਚ ਕੀਤਾ ਗਿਆ ਸੀ ਅਤੇ ਅੱਜ ਵੀ ਰੋਸ ਮਾਰਚ ਕੀਤਾ ਗਿਆ ਹੈ। ਇਸ ਮੌਕੇ ਆਪ ਦੇ ਯੂਥ ਵਿੰਗ ਦੇ ਪ੍ਰਧਾਨ ਵੇਦ ਪ੍ਰਕਾਸ਼ ਬਬਲੂ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਸਸਤੀ ਤੇ ਵਧੀਆ ਵਿਦਿਆ ਦੇਣ ਦੇ ਹੱਕ ਵਿਚ ਹੈ। ਉਨ੍ਹਾਂ ਆਖਿਆ ਕਿ ਪਾਰਟੀ ਮਾਪਿਆਂ ਦੇ ਨਾਲ ਹੈ। ਜੇਕਰ ਸਰਕਾਰ ਨੇ ਇਸ ਕੇਸ ਦੀ ਹੋਰ ਪੈਰਵਾਈ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਇਸ ਸਬੰਧੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਹੋਇਆਂ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੀ ਮੰਗ ਸਬੰਧੀ ਤਖਤੀਆਂ ਵੀ ਫੜੀਆਂ ਹੋਈਆਂ ਸਨ।