ਪੱਤਰ ਪ੍ਰੇਰਕ
ਫਤਹਿਗੜ੍ਹ ਚੂੜੀਆਂ, 18 ਅਕਤੂਬਰ
ਇੱਥੇ ਆਏ ਦਿਨ ਹੋ ਰਹੀਆਂ ਡੇਂਗੂ ਨਾਲ ਮੌਤਾਂ ਨੂੰ ਲੈ ਕੇ ਜਿੱਥੇ ਪੂਰਾ ਸ਼ਹਿਰ ਚਿੰਤਤ ਹੈ , ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਫ਼ਦ ਨੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਲਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਐੱਸਐੱਮਓ ’ਤੇ ਨਜ਼ਲਾ ਝਾੜਦਿਆਂ ਕਿਹਾ ਕਿ ਜਦੋਂ ਵੀ ਕੋਈ ਡੇਂਗੂ ਕਾਰਨ ਸੈੱਲ ਘਟੇ ਵਾਲਾ ਮਰੀਜ਼ ਆਉਂਦਾ ਹੈ ਤਾਂ ਉਸ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਗ਼ਰੀਬ ਮਰੀਜ਼ ਅੰਮ੍ਰਿਤਸਰ ਜਾਣ ਦਾ ਖਰਚ ਨਹੀਂ ਉਠਾ ਸਕਦੇ।ਇਸ ਲਈ ਅਜਿਹੇ ਮਰੀਜ਼ਾਂ ਦੇ ਇੱਥੇ ਹੀ ਟੈਸਟ ਅਤੇ ਤਸੱਲੀਬਖਸ਼ ਇਲਾਜ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਐੱਸਐੱਮਓ ਡਾ. ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਟਾਫ ਸ਼ਹਿਰ ਦੀਆਂ ਵਾਰਡਾਂ ਵਿੱਚ ਜਾ ਕੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਸ਼ਰਮਾ, ਵਾਈਸ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ ਹਾਜ਼ਰ ਸਨ।