ਮਕਬੂਲ ਅਹਿਮਦ
ਕਾਦੀਆਂ, 30 ਅਕਤੂਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਇੱਥੇ ਦਾਣਾ ਮੰਡੀ ਕਾਦੀਆਂ ਦਾ ਦੌਰਾ ਕਰ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਐੱਸਡੀਐੱਮ ਬਟਾਲਾ ਡਾ. ਸ਼ਾਇਰੀ ਭੰਡਾਰੀ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਕਟਾਰੂਚੱਕ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ, ਚੁਕਾਈ ਤੇ ਅਦਾਇਗੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਕਿਸਾਨਾਂ ਨੂੰ ਫਸਲ ਵੇਚਣ ਤੇ ਖਾਸ ਕਰ ਕੇ ਅਦਾਇਗੀ ਲੈਣ ਲਈ ਧਰਨੇ ਨਹੀਂ ਲਾਉਣੇ ਪਏ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਚਾਰ ਘੰਟੇ ਦੇ ਅੰਦਰ ਫਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਜ਼ ਸੱਤ ਮਹਿਨਿਆਂ ਦੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਵੱਡੇ ਇਤਿਹਾਸਕ ਫੈਸਲੇ ਕੀਤੇ ਗਏ ਹਨ, ਜਿਸ ਤੋਂ ਸੂਬੇ ਦੇ ਹਰੇਕ ਵਰਗ ਦੇ ਲੋਕ ਖੁਸ਼ ਹਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਰੋਜ਼ਾਨਾ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਜਾਂਦਾ ਹੈ। ਇਸ ਮੌਕੇ ਬੀਡੀਪੀਓ ਕਾਦੀਆਂ ਗੁਰਪ੍ਰੀਤ ਸਿੰਘ ਭੁੱਲਰ, ਬੀਡੀਪੀਓ ਧਾਰੀਵਾਲ ਕੁਲਵੰਤ ਸਿੰਘ, ਡੀਐੱਫਐੱਸਸੀ ਸੁਖਜਿੰਦਰ ਸਿੰਘ, ਕੁਲਜੀਤ ਸਿੰਘ ਜਿਲਾ ਮੰਡੀ ਅਫਸਰ, ਬਿਕਰਮਜੀਤ ਸਿੰਘ ਸਕੱਤਰ, ਜਸਵਿੰਦਰ ਸਿੰਘ ਏਐਫਐਸਓ, ਇੰਸਪੈਕਟਰ ਸਰਬਜੀਤ ਸਿੰਘ ਅਤੇ ਕਿਸਾਨ ਤੇ ‘ਆਪ’ ਦੇ ਕਾਦੀਆਂ ਬਲਾਕ ਦੇ ਪ੍ਰਧਾਨ ਡਾ. ਰਾਕੇਸ਼ ਕੁਮਾਰ, ਕਰਨਵੀਰ ਸਿੰਘ ਰੰਧਾਵਾ, ਕਾਮਰੇਡ ਗੁਰਮੇਜ ਸਿੰਘ, ਲਵਲੀ ਨੰਗਲ ਆਦਿ ਵੀ ਮੌਜਦ ਸਨ।