ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 7 ਜੁਲਾਈ
ਇੱਥੇ ਬਰਤਨ ਬਾਜ਼ਾਰ ਵਜੋਂ ਮਸ਼ਹੂਰ ਠਠਿਆਰਾਂ ਬਾਜ਼ਾਰ ਵਿੱਚ ਅੱਜ ਸਵੇਰੇ ਦੋ ਸੌ ਸਾਲ ਪੁਰਾਣੀ ਇਮਾਰਤ ਨੂੰ ਅੱਗ ਲੱਗ ਗਈ ਜਿਸ ਕਾਰਨ ਲਗਪਗ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੁਕਾਨਦਾਰ ਕੁਲਦੀਪ ਰਾਏ ਉਰਫ ਮੁਨੀਮ ਨੇ ਦੱਸਿਆ ਉਸ ਨੂੰ ਸਵੇਰੇ 6 ਵਜੇ ਪਤਾ ਚੱਲਿਆ ਕਿ ਦੁਕਾਨ ਦੇ ਸ਼ਟਰ ਹੇਠੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਸ਼ਟਰ ਖੋਲ੍ਹਿਆ ਤਾਂ ਦੁਕਾਨ ਅੰਦਰ ਅੱਗ ਲੱਗੀ ਹੋਈ ਸੀ। ਇਸ ’ਤੇ ਕਾਬੂ ਪਾਉਣ ਲਈ ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਦੇ ਅਮਲੇ ਨੇ ਲਗਪਗ ਤਿੰਨ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਪਲਾਸਟਿਕ ਦਾ ਸਾਮਾਨ, ਪਿੱਤਲ ਅਤੇ ਚਾਂਦੀ ਦੇ ਬਰਤਨ ਪਏ ਸਨ। ਇਸ ਤੋਂ ਇਲਾਵਾ ਦੁਕਾਨ ਵਿੱਚ ਪਿਆ ਕੰਡਾ, ਲੱਕੜੀ ਦਾ ਸਾਮਾਨ ਵੀ ਸੜ ਗਿਆ। ਜ਼ਿਕਰਯੋਗ ਹੈ ਕਿ ਇਸ ਦੁਕਾਨ ਦੀ ਇਮਾਰਤ ਲਗਪਗ 200 ਸਾਲ ਪੁਰਾਣੀ ਹੈ ਤੇ ਦੋ ਮੰਜ਼ਿਲਾ ਹੈ। ਇਸ ਨੂੰ ਬਣਾਉਣ ਵਿਚ ਜ਼ਿਆਦਾਤਰ ਲੱਕੜੀ ਦੀ ਵਰਤੋਂ ਕੀਤੀ ਗਈ ਸੀ। ਇਸ ਮੌਕੇ ਐੱਸਪੀ ਹੈੱਡਕੁਆਟਰ ਜਸਵੰਤ ਕੌਰ, ਨਾਇਬ ਤਹਿਸੀਲਦਾਰ ਅਕਵਿੰਦਰ ਕੌਰ, ਡੀਐੱਸਪੀ ਜੰਡਿਆਲਾ ਗੁਰੂ ਸੁੱਚਾ ਸਿੰਘ, ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਆਦਿ ਮੌਜੂਦ ਸਨ। ਨਾਇਬ ਤਹਿਸੀਲਦਾਰ ਨੇ ਕਿਹਾ ਕਿ ਪੀੜਤ ਨੂੰ ਮੁਆਵਜ਼ਾ ਦਿਵਾਉਣ ਲਈ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ।