ਸ਼ਰਨਜੀਤ ਸਿੰਘ
ਬਟਾਲਾ, 2 ਜੁਲਾਈ
ਬਟਾਲਾ ਦੀ ਧਰਮਪੁਰਾ ਕਲੋਨੀ ਵਿਚ ਸਥਿਤ ਇਕ ਚੈਰੀਟੇਬਲ ਹਸਪਤਾਲ ਵਿਚ ਪੁਲੀਸ ਅਤੇ ਹਸਪਤਾਲ ਸਟਾਫ਼ ਅਤੇ ਪ੍ਰਬੰਧਕਾਂ ਦਰਮਿਆਨ ਹੋਈ ਹੱਥੋਪਾਈ ਦਾ ਮਾਮਲਾ ਭਖ਼ ਗਿਆ ਹੈ। ਹਸਪਤਾਲ ਦੇ ਮੁੱਖ ਪ੍ਰਬੰਧਕ ਨਵਤੇਜ ਸਿੰਘ ਗੁੱਗੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇਕ ਜ਼ਖ਼ਮੀ ਵਿਅਕਤੀ ਹਸਪਤਾਲ ਪੁੱਜਿਆ ਸੀ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਬੀਤੀ ਸ਼ਾਮ ਥਾਣਾ ਸਿਟੀ ਬਟਾਲਾ ਦੇ ਮੁਖੀ ਮੁਖ਼ਤਾਰ ਸਿੰਘ ਪੁਲੀਸ ਪਾਰਟੀ ਸਮੇਤ ਹਸਪਤਾਲ ਪੁੱਜੇ ਤੇ ਉਸ ਵਿਅਕਤੀ ਸਬੰਧੀ ਪੜਤਾਲ ਕਰਨ ਲੱਗੇ। ਉਨ੍ਹਾਂ ਹਸਪਤਾਲ ਦੇ ਮੈਡੀਕਲ ਸਟਾਫ਼ ਅਤੇ ਪ੍ਰਬੰਧਕਾਂ ਨਾਲ ਕਥਿਤ ਦੁਰਵਿਹਾਰ ਕੀਤਾ, ਜਿਸ ਦਾ ਸਟਾਫ਼ ਨੇ ਵਿਰੋਧ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ, ਥਾਣਾ ਮੁਖੀ ਮੁਖ਼ਤਾਰ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਦੀ ਪੜਤਾਲ ਸਬੰਧੀ ਉਹ ਨਿੱਜੀ ਹਸਪਤਾਲ ਵਿੱਚ ਪੁੱਜੇ ਸਨ, ਉਹ ਵਿਅਕਤੀ ਤਿੰਨ ਦਿਨ ਪਹਿਲਾਂ ਦੀਨਾਨਗਰ ਵਿਚ ਲੁੱਟ ਖੋਹ ਦੀ ਵਾਰਦਾਤ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਫ਼ਰਾਰ ਹੋਇਆ ਸੀ। ਹਸਪਤਾਲ ਵੱਲੋਂ ਜ਼ਖ਼ਮੀ ਵਿਅਕਤੀ ਸਬੰਧੀ ਪੁਲੀਸ ਨੂੰ ਇਤਲਾਹ ਕੀਤੇ ਬਿਨਾਂ ਹੀ ਉਸ ਦਾ ਇਲਾਜ ਕੀਤਾ ਗਿਆ। ਉਨ੍ਹਾਂ ਹਸਪਤਾਲ ਸਟਾਫ਼ ਜਾਂ ਪ੍ਰਬੰਧਕਾਂ ਨਾਲ ਦੁਰਵਿਹਾਰ ਦੇ ਦੋਸ਼ਾਂ ਦਾ ਖੰਡਨ ਕੀਤਾ।