ਪੱਤਰ ਪ੍ਰੇਰਕ
ਧਾਰੀਵਾਲ, 13 ਜੁਲਾਈ
ਇੱਥੇ ਧਾਰੀਵਾਲ-ਬਟਾਲਾ ਰੋਡ ਕਿਨਾਰੇ ਸਥਿਤ ਚਰਚ ਦੇ ਮੁੱਖ ਗੇਟ ਦੇ ਸਾਹਮਣੇ ਸੜਕ ਦੇ ਦੂਜੇ ਕਿਨਾਰੇ ਗੰਦਗੀ ਤੇ ਘਾਹ-ਬੂਟੀ ਨਾਲ ਭਰਿਆ ਛੱਪੜ ਕੀਮਤੀ ਜਾਨਾਂ ਦਾ ਖੌਅ ਬਣਿਆ ਹੋਇਆ ਹੈ। ਇਸ ਛੱਪੜ ਕਾਰਨ ਇਥੇ ਆਏ ਦਿਨ ਨਿੱਕੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ।
ਇਸ ਸਬੰਧੀ ਅੱਜ ਪਿੰਡ ਬਿੱਧੀਪੁਰ ਵਾਸੀ ਅਨੂਪ ਸਿੰਘ ਨੇ ਦੱਸਿਆ ਕਿ ਅੱਜ ਉਸਦੀ ਕੀਮਤੀ ਦੁੱਧਾਰੂ ਮੱਝ ਖੁੱਲ੍ਹ ਕੇ ਸੜਕ ਕਿਨਾਰੇ ਜਾਂਦੀ ਹੋਈ ਅਚਾਨਕ ਇਸ ਛੱਪੜ ਵਿੱਚ ਜਾ ਡਿੱਗੀ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਮੁਸ਼ੱਕਤ ਬਾਅਦ ਮੱਝ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਹਾਜ਼ਰ ਪਿੰਡ ਬਿਧੀਪੁਰ ਦੇ ਵਾਸੀਆਂ ਅਨੂਪ ਸਿੰਘ, ਗੁਰਨਾਮ ਸਿੰਘ, ਸਿੰਦਰਪਾਲ, ਮਨਪ੍ਰੀਤ ਸਿੰਘ, ਓਮ ਪ੍ਰਕਾਸ਼, ਰਾਮ ਪਾਲ, ਰਾਜ ਮਸੀਹ ਆਦਿ ਦੱਸਿਆ ਕਿ ਬਟਾਲਾ-ਧਾਰੀਵਾਲ ਮੁੱਖ ਮਾਰਗ ਹੋਣ ਕਾਰਨ ਇਸ ਰੋਡ ਉਪਰੋਂ ਟਰੱਕਾਂ, ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਦੀ ਦਿਨ-ਰਾਤ ਆਵਾਜਾਈ ਅਤੇ ਆਮ ਰਾਹਗੀਰਾਂ ਦਾ ਆਉਣਾ ਜਾਣਾ ਬਰਕਰਾਰ ਰਹਿੰਦਾ ਹੈ।
ਦੂਜੇ ਪਾਸੇ ਇਸ ਸਬੰਧੀ ਬੀਡੀਪੀਓ ਧਾਰੀਵਾਲ ਗੁਰਜੀਤ ਸਿੰਘ ਨੇ ਕਿਹਾ ਪਿੰਡ ਬਿਧੀਪੁਰ ਜਾ ਕੇ ਖੁਦ ਮੌਕਾ ਵੇਖਣ ਤੋਂ ਬਾਅਦ ਇਸ ਸਮੱਸਿਆ ਦਾ ਜ਼ਰੂਰ ਹੱਲ ਕੱਢਿਆ ਜਾਵੇਗਾ।