ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 19 ਸਤੰਬਰ
ਫਤਿਹਗੜ੍ਹ ਚੂੜੀਆਂ ਵਿਖੇ 4600 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ ਸਰਵਨਜੀਤ ਸਿੰਘ ਅਤੇ ਐੱਸ.ਐੱਚ.ਓ ਜਸਵਿੰਦਰ ਸਿੰਘ ਵੱਲੋਂ ਪੁਲੀਸ ਫੋਰਸ ਸਮੇਤ ਨਸ਼ਿਆਂ ਵਿਰੁੱਧ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲੀਸ ਨੇ ਇੱਕ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ ਮਹਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਤਲਾਸ਼ੀ ਅਭਿਆਨ ਦੌਰਾਨ ਵਾਰਡ ਨੰਬਰ 10 ਵਿੱਚ ਜਾ ਰਹੇ ਸੀ ਕਿ ਇੱਕ ਵਿਅਕਤੀ, ਜੋ ਸੱਜੇ ਹੱਥ ਵਿੱਚ ਵਜ਼ਨਦਾਰ ਮੋਮੀ ਲਿਫ਼ਾਫਾ ਫੜ ਕੇ ਆਪਣੇ ਘਰ ਵਿਚੋਂ ਨਿਕਲ ਕੇ ਗਲੀ ਵਿੱਚ ਆਇਆ ਤਾਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਂ ਪਤਾ ਪੁੱਛਿਆ ਗਿਆ। ਇਸ ਮੌਕੇ ਉਸ ਨੇ ਆਪਣਾ ਨਾਮ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 10 ਫ਼ਤਹਿਗੜ੍ਹ ਚੂੜੀਆਂ ਦੱਸਿਆ ਤਾਂ ਉਸ ਦੇ ਹੱਥ ਵਿੱਚ ਫੜੇ ਮੋਮੀ ਲਿਫ਼ਾਫੇ ਨੂੰ ਖੋਲ੍ਹ ਕੇ ਚੈੱਕ ਕਰਨ ਉਪਰੰਤ ਉਸ ਕੋਲੋਂ ਵੱਖ-ਵੱਖ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਗਿਣਤੀ 4600 ਦੇ ਕਰੀਬ ਸੀ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।