ਪੱਤਰ ਪ੍ਰੇਰਕ
ਤਰਨ ਤਾਰਨ, 28 ਮਾਰਚ
ਬੀਐੱਸਐਫ਼ ਨੇ ਬੀਤੇ ਦਿਨ ਦੇਰ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਨੌਸ਼ਹਿਰਾ ਢਾਲਾ ਦੇ ਖੇਡ ਮੈਦਾਨ ਤੋਂ 530 ਗਰਾਮ ਹੈਰੋਇਨ ਵਾਲਾ ਇਕ ਪੈਕੇਟ, ਇਕ ਮੋਟਰਸਾਈਕਲ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ। ਬੀਐੱਸਐੱਫ਼ ਦੇ ਅਧਿਕਾਰੀਆਂ ਨੇ ਇਸ ਸਬੰਧੀ ਦੱਸਿਆ ਕਿ ਜਵਾਨਾਂ ਨੇ ਪਿੰਡ ਦੇ ਖੇਡ ਮੈਦਾਨ ਵਿੱਚ ਸ਼ੱਕੀ ਵਿਅਕਤੀਆਂ ਦੀ ਹਿਲਜੁਲ ਅਨੁਭਵ ਕੀਤੀ ਤਾਂ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਖੇਡ ਮੈਦਾਨ ਵੱਲ ਰਵਾਨਗੀ ਕੀਤੀ। ਸ਼ੱਕੀ ਵਿਅਕਤੀ ਬੀਐੱਸਐੱਫ਼ ਨੂੰ ਦੇਖਦਿਆਂ ਮੌਕੇ ’ਤੇ ਆਪਣਾ ਸਾਮਾਨ ਛੱਡ ਕੇ ਫਰਾਰ ਹੋ ਗਏ। ਬੀਐੱਸਐੱਫ਼ ਨੇ ਹੈਰੋਇਨ ਆਦਿ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਅਧਿਕਾਰੀਆਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਇਹ ਸਮੱਗਰੀ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਮੰਗਵਾਈ ਹੈ।